Punjab Women Commission seeks status : ਚੰਡੀਗੜ੍ਹ : ਜੇਲ੍ਹ ਵਿੱਚ ਬੰਦ ਹਰਿਆਣਾ ਦੀ ਮਜ਼ਦੂਰ ਅਧਿਕਾਰ ਕਾਰਕੁੰਨ ਨੌਦੀਪ ਕੌਰ ਦੀ ਰਿਹਾਈ ਲਈ ਸਮਾਜਿਕ ਸੁਰੱਖਿਆ, ਔਰਤ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਦੀ ਰਿਹਾਈ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਸੁਣਵਾਈ ਦੀ ਅਪੀਲ ਤੋਂ ਬਾਅਦ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ। ਪੰਜਾਬ ਮਹਿਲਾ ਕਮਿਸ਼ਨ ਨੇ ਸੀਨੀਅਰ ਪੁਲਿਸ ਸੁਪਰਡੈਂਟ, ਸੋਨੀਪਤ ਤੋਂ 15 ਫਰਵਰੀ, 2021 ਤੱਕ ਸਟੇਟਸ ਰਿਪੋਰਟ ਮੰਗੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗਿਆਦੜ ਦੀ ਨੋਦੀਪ ਕੌਰ ਨੂੰ ਕੁੰਡਲੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਲਿਖਤੀ ਤੌਰ ‘ਤੇ ਐਸਐਸਪੀ ਸੋਨੀਪਤ ਨੂੰ ਇੱਕ ਸੀਨੀਅਰ ਅਧਿਕਾਰੀ ਦੁਆਰਾ ਨੋਦੀਪ ਕੌਰ ਦੇ ਕੇਸ ਦੀ ਜਾਂਚ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਐਸਐਸਪੀ ਨੂੰ ਇੱਕ ਵਿਸਥਾਰਤ ਜਾਂਚ ਰਿਪੋਰਟ ਪੰਜ ਦਿਨਾਂ ਦੇ ਅੰਦਰ ਭਾਵ 15 ਫਰਵਰੀ 2021 ਤੱਕ ਜਮ੍ਹਾ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਰਿਪੋਰਟ ਮਿਲਣ ਤੋਂ ਬਾਅਦ ਕਮਿਸ਼ਨ ਇਸ ਮਾਮਲੇ ਵਿਚ ਤੁਰੰਤ ਅਗਲੀ ਕਾਰਵਾਈ ਕਰੇਗੀ।
ਦੱਸਣਯੋਗ ਹੈ ਕਿ 23 ਸਾਲਾ ਨੌਦੀਪ ਕੌਰ ਨੂੰ ਕੁੰਡਲੀ (ਹਰਿਆਣਾ) ਵਿੱਚ ਸ਼ਾਂਤਮਈ ਕਿਸਾਨ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹੇਠ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਸ ਦੇ ਸਰੀਰ ਤੇ ਪ੍ਰਾਈਵੇਟ ਪਾਰਟਸ ’ਤੇ ਸੱਟਾਂ ਦਾ ਖੁਲਾਸਾ ਹੋਇਆ ਹੈ। ਨੌਦੀਪ ਉਤੇ ਧਾਰਾ 307 (ਕਤਲ ਦੀ ਕੋਸ਼ਿਸ਼) ਅਤੇ ਫਿਰੌਤੀ ਦਾ ਦੋਸ਼ ਲਗਾਇਆ ਗਿਆ ਹੈ। ਉਸ ਨੂੰ ਚਾਰ ਹਫ਼ਤਿਆਂ ਮਗਰੋਂ ਵੀ ਜ਼ਮਾਨਤ ਨਹੀਂ ਦਿੱਤੀ ਗਈ। ਉਸ ਨੂੰ ਹਰਿਆਣਾ ਦੀ ਸੈਸ਼ਨ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਨੌਦੀਪ ਕੌਰ ਮਜ਼ਦੂਰ ਹੱਕਾਂ ਲਈ ਜੂਝਣ ਵਾਲੀ ਵੀਰਾਂਗਣਾ ਹੈ, ਜਿਸ ਨੇ ਦਿੱਲੀ ਦੀਆਂ ਹੱਦਾਂ ਉੱਪਰ ਚੱਲ ਰਹੇ ਇਤਿਹਾਸਕ ਕਿਸਾਨ-ਮਜ਼ਦੂਰ ਸੰਘਰਸ਼ ਦੀ ਹਮਾਇਤ ’ਚ ਵੱਡੀ ਗਿਣਤੀ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਲੋਕ ਹਿਤਾਂ ਅਤੇ ਸਮਾਜਿਕ ਸਰੋਕਾਰਾਂ ਨਾਲ ਡੂੰਘੀ ਵਚਨਬੱਧਤਾ ਦਿਖਾਈ ਹੈ।