Punjab Youth General Secretary : ਚੰਡੀਗੜ੍ਹ : ਪੰਜਾਬ ਵਿੱਚ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਭਾਜਪਾ ਦੇ ਯੂਥ ਵਿੰਗ ਦੇ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਣਯੋਗ ਹੈ ਕਿ ਬਰਿੰਦਰ ਸੰਧੂ ਨੇ ਇਹ ਅਸਤੀਫਾ ਕੇਂਦਰ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਪ੍ਰਤੀ ਗਲਤ ਰਵੱਈਏ ਕਾਰਨ ਦਿੱਤਾ ਹੈ। ਭਾਜਪਾ ਦਾ ਪੱਲਾ ਛੱਡਦਿਆਂ ਬਰਿੰਦਰ ਸਿੰਘ ਸੰਧੂ ਨੇ ਕਿਹਾ ਕਿ ਖੇਤੀ ਕਾਨੂੰਨ ਦੇ ਖਿਲਾਫ ਪੰਜਾਬ ਦੇ ਕਿਸਾਨ, ਆੜਤੀਆ, ਖੇਤ ਮਜਦੂਰ ਕੇਂਦਰ ਵਲੋਂ ਪਾਸ ਕੀਤੇ ਸੱਚ ਦੀ ਲੜਾਈ ਲੜ ਰਹੇ ਹਨ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦੱਸ ਦੇਈਏ ਕਿ ਸੰਗਰੂਰ ਵਿੱਚ ਵੀ ਭਾਜਪਾ ਜਨਤਾ ਪਾਰਟੀ ਦੇ ਉਪ ਪ੍ਰਧਾਨ ਮਨਪ੍ਰੀਤ ਸਿੰਘ ਨਮੋਲ ਨੇ ਵੀ ਭਾਜਪਾ ਦਾ ਸਾਥ ਛੱਡ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਅਹੁਦੇ ਲੋਕਾਂ ਦੇ ਹਿੱਤ ਵਿੱਚ ਨਾ ਹੋਣ ਉਨ੍ਹਾਂ ਨੂੰ ਛੱਡ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕੇਂਦਰ ਵਿੱਚ ਕਿਸਾਨੀ ਦੇ ਵਿਰੋਧ ਵਿੱਚ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ 29 ਅਕਤੂਬਰ ਨੂੰ ਉਨ੍ਹਾਂ ਕੇਂਦਰ ਨਾਲ ਮੀਟਿੰਗ ਹੈ, ਜਿਸ ਵਿੱਚ ਕੋਈ ਹੱਲ ਕੱਢਿਆ ਜਾਵੇਗਾ ਪਰ ਪਰ ਇਹ ਮੀਟਿੰਗ ਬੇਨਤੀਜਾ ਰਹੀ। ਇਸ ਤੋਂ ਬਾਅਦ ਕੇਂਦਰ ਨੇ ਪਰਾਲੀ ਨੂੰ ਲੈ ਕੇ ਨਵਾਂ ਕਾਨੂੰਨ ਸਾਹਮਣੇ ਲੈ ਆਉਂਦਾ, ਜਿਸ ਦੀ ਉਨ੍ਹਾਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਜ਼ਿਕਰਯੋਗ ਹੈ ਕਿ ਕੇਂਦਰ ਦੇ ਇਸੇ ਰਵੱਈਏ ਕਾਰਨ ਪੰਜਾਬ ਵਿੱਚ ਭਾਜਪਾ ਪਾਰਟੀ ਦੇ ਕਈ ਵੱਡੇ ਆਗੂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਰਹੇ ਹਨ। ਬੀਤੀ 24 ਅਕਤੂਬਰ ਨੂੰ ਪੰਜਾਬ ਭਾਜਪਾ ਦੇ ਕਿਸਾਨ ਸੈੱਲ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਅਤੇ ਬੀਤੀ 18 ਅਕਤੂਬਰ ਨੂੰ ਸੂਬਾ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਪਾਰਟੀ ਤੋਂ ਅਸਤੀਫ਼ਾ ਦਿੰਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਹੋਈ ਕਿਸਾਨੀ ਲਹਿਰ ਭਾਰਤੀ ਜਨਤਾ ਪਾਰਟੀ ਲਈ ਖਤਰਨਾਕ ਸਾਬਤ ਹੋ ਰਹੀ ਹੈ। ਜਿਥੇ ਕੇਂਦਰ ਸਰਕਾਰ ਖੇਤੀ ਕਾਨੂੰਨ ਨੂੰ ਲਾਗੂ ਕਰਨ ‘ਤੇ ਬੇਜਿੱਦ ਹੈ ਭਾਜਪਾ ਪਾਰਟੀ ਦੇ ਕਈ ਅਹਿਮ ਅਹੁਦੇਦਾਰਾਂ ਨੇ ਕੇਂਦਰ ਦੇ ਇਸ ਰਵੱਈਏ ਕਾਰਨ ਇਸ ਪਾਰਟੀ ਨੂੰ ਛੱਡਣਾ ਬਿਹਤਰ ਸਮਝਿਆ ਤੇ ਇਹ ਸਿਲਸਿਲਾ ਅਜੇ ਵੀ ਲਗਾਤਾਰ ਇਸੇ ਤਰ੍ਹਾਂ ਜਾਰੀ ਹੈ।