Rage of Corona in Ludhiana : ਲੁਧਿਆਣਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਮੁੜ ਵਧਣ ਲੱਗੇ ਹਨ। ਅੱਜ ਸਵੇਰੇ ਲੁਧਿਆਣਾ ’ਚ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਬੱਚਿਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਵੱਲੋਂ ਕੀਤੀ ਗਈ । ਲੁਧਿਆਣਾ ਦੇ ਛਾਵਣੀ ਮੁਹੱਲੇ ਦੇ ਜਿਸ 53 ਸਾਲਾ ਵਿਅਕਤੀ ਪ੍ਰਿਤਪਾਲ ਸਿੰਘ ਦੀ ਬੀਤੀ 29 ਮਈ ਨੂੰ ਕੋਵਿਡ–19 ਕਾਰਨ ਮੌਤ ਹੋ ਗਈ ਸੀ, ਉਸ ਦਾ 19 ਸਾਲਾ ਪੋਤਰਾ ਵੀ ਅੱਜ ਪਾਜ਼ਿਟਿਵ ਪਾਏ ਗਏ 6 ਵਿਅਕਤੀਆਂ ਵਿੱਚ ਸ਼ਾਮਲ ਹੈ।
ਇਸ ਤੋਂ ਇਲਾਵਾ ਮਾਨੇਸਰ ਤੋਂ ਬੀਤੀ 20 ਮਈ ਨੂੰ ਦਿੱਲੀ ਲਾਗੇ ਸਥਿਤ ਮਾਨੇਸਰ ਤੋਂ ਖੰਨਾ ਲਾਗਲੇ ਪਿੰਡ ਬਾਊਪੁਰ (ਮਨੂਪੁਰ) ਪਰਤਿਆ ਜਿਹੜਾ ਵਿਅਕਤੀ ਪਹਿਲਾਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੇ ਸੰਪਰਕ ਵਿੱਚ ਆਏ ਚਾਰ ਵਿਅਕਤੀਆਂ ਨੂੰ ਵੀ ਕੋਰੋਨਾ–ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ। ਹੁਣ ਤੱਕ ਛਾਵਣੀ ਮੁਹੱਲੇ ’ਚੋਂ 10 ਕੋਰੋਨਾ ਮਰੀਜ਼ ਪਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ 57 ਸਾਲਾਂ ਦੀ ਇੱਕ ਔਰਤ, 24 ਸਾਲਾ ਨੌਜਵਾਨ, 14 ਸਾਲਾ ਲੜਕਾ ਤੇ ਪੰਜ ਸਾਲਾਂ ਦਾ ਇੱਕ ਬੱਚਾ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਜਲੰਧਰ ਦੇ ਟੈਗੋਰ ਨਗਰ ਦੇ 64 ਸਾਲਾ ਇੱਕ ਵਿਅਕਤੀ ਦੀ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਸ਼ੱਕਰ ਭਾਵ ਸ਼ੂਗਰ ਜਾਂ ਡਾਇਬਟੀਜ਼ ਰੋਗ ਤੋਂ ਪੀੜਤ ਸੀ। ਦੱਸਣਯੋਗ ਹੈ ਕਿ ਲੁਧਿਆਣਾ ਵਿਚ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 150 ਲੋਕ ਸਿਹਤਮੰਦ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 9 ਲੋਕਾਂ ਦੀ ਇਸ ਵਾਇਰਸ ਕਾਰਨ ਜ਼ਿਲੇ ਵਿਚ ਮੌਤ ਹੋ ਚੁੱਕੀ ਹੈ। ਲੁਧਿਆਣਾ ਵਿਚ ਹੁਣ ਤੱਕ 51,190 ਲੋਕਾਂ ਦੀ ਸਕ੍ਰੀਨਿੰਗ ਕੀਤੀ ਜਾ ਚੁੱਕੀ ਹੈ ਅਤੇ ਸੱਤ ਹਜ਼ਾਰ ਤੋਂ ਵੱਧ ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਹੁਣ ਤੱਕ ਕੁਲ 8650 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ।