rahul dravid says: ਨੈਸ਼ਨਲ ਕ੍ਰਿਕਟ ਅਕੈਡਮੀ (ਐਨਸੀਏ) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਨੇ ਖੁਲਾਸਾ ਕੀਤਾ ਕਿ ਕੋਵਿਡ -19 ਲੌਕਡਾਊਨ ਵਿਚਾਲੇ ਬਿਨਾਂ-ਕੰਟਰੈਕਟਡ ਅਤੇ ਅੰਡਰ -19 ਖਿਡਾਰੀਆਂ ਦੀ ਮਾਨਸਿਕ ਸਿਹਤ ਦੇ ਪਹਿਲੂਆਂ ਨੂੰ ਪੇਸ਼ੇਵਰਾਂ ਦੀ ਮਦਦ ਨਾਲ ਘੋਖਿਆ ਗਿਆ ਸੀ। ਦ੍ਰਾਵਿੜ ਨੇ ਰਾਜਸਥਾਨ ਰਾਇਲਜ਼ ਦੀ ਮਾਨਸਿਕ ਸਿਹਤ ‘ਤੇ ਆਯੋਜਿਤ ਇੱਕ ਵੈਬਿਨਾਰ ‘ਚ ਮੰਨਿਆ ਕਿ ਕ੍ਰਿਕਟਰਾਂ ਲਈ ਇਹ ਇੱਕ ਅਨਿਸ਼ਚਿਤ ਦੌਰ ਹੈ, ਜੋ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰਭਾਵਿਤ ਕਰ ਸਕਦਾ ਹੈ। ਦ੍ਰਾਵਿੜ ਨੇ ਕਿਹਾ, “ਤਾਲਾਬੰਦੀ ਵਿੱਚ ਅਸੀਂ ਇਸ ਮੁੱਦੇ ਨੂੰ ਵੇਖਣ ਦੀ ਕੋਸ਼ਿਸ਼ ਕੀਤੀ (ਪੇਸ਼ੇਵਰਾਂ ਦੁਆਰਾ ਖਿਡਾਰੀਆਂ ਦੀ ਮਾਨਸਿਕ ਸਿਹਤ ‘ਤੇ ਕੰਮ)। ਅਸੀਂ ਸਮਝੌਤੇ ਦੀ ਸੂਚੀ ਤੋਂ ਬਾਹਰ ਅੰਡਰ -19 ਖਿਡਾਰੀਆਂ ਦੀ ਪਛਾਣ ਕੀਤੀ। ਅਸੀਂ ਉਨ੍ਹਾਂ ਨੂੰ ਪੇਸ਼ੇਵਰਾਂ ਦੀ ਮਦਦ ਲੈਣ ਦਾ ਮੌਕਾ ਦਿੱਤਾ।”
ਦ੍ਰਵਿੜ ਨੇ ਕਿਹਾ, ”ਸਾਬਕਾ ਕ੍ਰਿਕਟਰ ਹੋਣ ਦੇ ਕਾਰਨ, ਮੇਰਾ ਮੰਨਣਾ ਹੈ ਕਿ ਸਾਬਕਾ ਕ੍ਰਿਕਟਰ ਅਤੇ ਕ੍ਰਿਕਟ ਕੋਚ ਕੋਲ ਇਸ ਤਰ੍ਹਾਂ ਦੇ ਮੁੱਦਿਆਂ ਨਾਲ ਨਜਿੱਠਣ ਦੀ ਮੁਹਾਰਤ ਨਹੀਂ ਹੈ, ਜਿਸ ਨੂੰ ਲੈ ਕੇ ਕੁੱਝ ਨੌਜਵਾਨ ਅੱਜ ਕੱਲ੍ਹ ਇਸ ਦੌਰ ਵਿੱਚੋਂ ਲੰਘ ਰਹੇ ਹਨ। ਸਾਡੇ ਲਈ ਚੰਗਾ ਸੀ ਕਿ ਅਸੀਂ ਇਸ ਲਈ ਪੇਸ਼ੇਵਰਾਂ ਦੀ ਸਹਾਇਤਾ ਲਾਈਏ।” ਉਨ੍ਹਾਂ ਨੇ ਮੰਨਿਆ ਕਿ ਕ੍ਰਿਕਟ ਵਿੱਚ ਮਾਨਸਿਕ ਸਿਹਤ ਇੱਕ ਮੁੱਦਾ ਹੈ ਪਰ ਉਨ੍ਹਾਂ ਨੇ ਖੁਸ਼ੀ ਵੀ ਜ਼ਾਹਿਰ ਕੀਤੀ ਕਿ ਇਸਦੀ ਨਿਰੰਤਰ ਚਰਚਾ ਹੋ ਰਹੀ ਹੈ। ਦ੍ਰਵਿੜ ਨੇ ਕਿਹਾ, “ਇਹ ਇੱਕ ਅਜਿਹਾ ਮਾਹੌਲ ਹੈ ਜਿਸ ਵਿੱਚ ਖਿਡਾਰੀ ਉੱਤੇ ਬਹੁਤ ਦਬਾਅ ਹੁੰਦਾ ਹੈ। ਪਹਿਲਾਂ, ਖਿਡਾਰੀ ਇਸ ਨੂੰ ਸਵੀਕਾਰ ਕਰਨ ਤੋਂ ਝਿਜਕਦੇ ਸਨ, ਪਰ ਹੁਣ ਕੁੱਝ ਖਿਡਾਰੀ ਖੁੱਲ੍ਹ ਕੇ ਇਸ ਲਈ ਅੱਗੇ ਆਏ ਹਨ ਅਤੇ ਇਸ ਬਾਰੇ ਵਧੀਆ ਚਰਚਾ ਹੋ ਰਹੀ ਹੈ।”
ਦ੍ਰਾਵਿੜ ਪਿੱਛਲੇ ਕੁੱਝ ਸਮੇਂ ਤੋਂ ਜੂਨੀਅਰ ਕ੍ਰਿਕਟਰਾਂ ਨਾਲ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਇੰਡੀਆ ਅੰਡਰ -19 ਅਤੇ ਇੰਡੀਆ ਏ ਦੇ ਕੋਚ ਰਹਿ ਚੁੱਕੇ ਹਨ ਅਤੇ ਹੁਣ ਐਨਸੀਏ ਦੇ ਮੁਖੀ ਹਨ।