ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਰਾਹਤ ਦਿੱਤੀ। ਅਦਾਲਤ ਨੇ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਇੱਕ ਕਾਰਜਕਾਰੀ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਦਾਇਰ ਮਾਣਹਾਨੀ ਦੇ ਕੇਸ ਵਿੱਚ ਹਾਜ਼ਰੀ ਤੋਂ ਸਥਾਈ ਛੋਟ ਦੇ ਦਿੱਤੀ ਹੈ। ਭਿਵੰਡੀ ਦੇ ਪਹਿਲੇ ਦਰਜੇ ਦੇ ਜੁਡੀਸ਼ੀਅਲ ਮੈਜਿਸਟਰੇਟ ਸੀ ਵਾਡੀਕਰ ਨੇ ਰਾਹੁਲ ਗਾਂਧੀ ਦੇ ਵਕੀਲ ਨਰਾਇਣ ਅਈਅਰ ਰਾਹੀਂ ਦਾਇਰ ਗਾਂਧੀ ਦੀ ਅਰਜ਼ੀ ‘ਤੇ ਸੁਣਵਾਈ ਕੀਤੀ ਅਤੇ ਕਿਹਾ ਕਿ ਕਾਂਗਰਸ ਨੇਤਾ ਸਥਾਈ ਛੋਟ ਦੇ ਹੱਕਦਾਰ ਹਨ।
ਮੈਜਿਸਟਰੇਟ ਨੇ ਸਥਾਨਕ RSS ਵਰਕਰ ਰਾਜੇਸ਼ ਕੁੰਟੇ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਸਬੂਤ ਦਰਜ ਕਰਨ ਲਈ 3 ਜੂਨ ਦੀ ਤਰੀਕ ਤੈਅ ਕੀਤੀ ਹੈ। ਕੁੰਟੇ ਨੇ ਗਾਂਧੀ ਦੇ ਭਾਸ਼ਣ ਨੂੰ ਦੇਖਣ ਤੋਂ ਬਾਅਦ 2014 ਵਿੱਚ ਭਿਵੰਡੀ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਇੱਕ ਨਿੱਜੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿੱਚ ਰਾਹੁਲ ਗਾਂਧੀ ਨੇ ਕਥਿਤ ਤੌਰ ‘ਤੇ ਮਹਾਤਮਾ ਗਾਂਧੀ ਦੀ ਹੱਤਿਆ ਦਾ RSS ‘ਤੇ ਦੋਸ਼ ਲਗਾਇਆ ਸੀ। ਕੁੰਟੇ ਨੇ ਦਾਅਵਾ ਕੀਤਾ ਕਿ ਇਸ ਬਿਆਨ ਨਾਲ RSS ਦੀ ਸਾਖ ਨੂੰ ਠੇਸ ਪਹੁੰਚੀ ਹੈ। ਗਾਂਧੀ ਨੇ ਜੂਨ 2018 ‘ਚ ਅਦਾਲਤ ‘ਚ ਪੇਸ਼ ਹੋ ਕੇ ਖੁਦ ਨੂੰ ਬੇਕਸੂਰ ਦੱਸਿਆ ਸੀ।
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਦੋਸ਼ੀ ਰਾਹੁਲ ਗਾਂਧੀ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਅਧੀਨ ਅਦਾਲਤ ਵੱਲੋਂ ਅਗਲੇ ਹੁਕਮਾਂ ਤੱਕ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਹੈ। ਪਹਿਲੀ ਸ਼ਰਤ ਵਿੱਚ, ਦੋਸ਼ੀ ਇਹ ਵਚਨ ਦਿੰਦਾ ਹੈ ਕਿ ਉਸਦਾ ਨਾਮਜ਼ਦ ਵਕੀਲ ਸਮੇਂ-ਸਮੇਂ ‘ਤੇ ਅਤੇ ਨਿਯਮਿਤ ਤੌਰ ‘ਤੇ ਹਰ ਨਿਰਧਾਰਤ ਮਿਤੀ ‘ਤੇ ਅਦਾਲਤ ਵਿੱਚ ਹਾਜ਼ਰ ਹੋਵੇਗਾ ਅਤੇ ਦੋਸ਼ੀ ਦੀ ਗੈਰ-ਹਾਜ਼ਰੀ ਵਿੱਚ ਕੇਸ ਦੀ ਸੁਣਵਾਈ ਕਰੇਗਾ। ਦੂਜੀ ਸ਼ਰਤ ‘ਚ ਕਿਹਾ ਗਿਆ ਹੈ ਕਿ ਦੋਸ਼ੀ ਨੂੰ ਨਿਰਦੇਸ਼ ਮਿਲਣ ‘ਤੇ ਅਦਾਲਤ ‘ਚ ਪੇਸ਼ ਹੋਣਾ ਹੋਵੇਗਾ।
ਇਹ ਵੀ ਪੜ੍ਹੋ : ਅਬੋਹਰ ‘ਚ ਸੜਕ ਕਿਨਾਰੇ ‘ਤੋਂ ਇਕ ਕਿੱਲੋ ਅਫੀਮ ਬਰਾਮਦ, ਅਣਪਛਾਤੇ ਖਿਲਾਫ ਮਾਮਲਾ ਦਰਜ
ਦੱਸ ਦੇਈਏ ਕਿ ਰਾਹੁਲ ਗਾਂਧੀ ਨੂੰ ਹਾਲ ਹੀ ਵਿੱਚ ਸੂਰਤ ਦੀ ਇੱਕ ਅਦਾਲਤ ਵੱਲੋਂ ਮਾਣਹਾਨੀ ਦੇ ਇੱਕ ਕੇਸ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੰਸਦ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਰਾਹੁਲ ਗਾਂਧੀ ਨੇ ਪਿਛਲੇ ਸਾਲ ਭਿਵੰਡੀ ਦੀ ਅਦਾਲਤ ਵਿੱਚ ਇਸ ਆਧਾਰ ‘ਤੇ ਪੇਸ਼ੀ ਤੋਂ ਛੋਟ ਮੰਗੀ ਸੀ ਕਿ ਉਹ ਦਿੱਲੀ ਵਿੱਚ ਰਹਿੰਦਾ ਹੈ ਅਤੇ ਲੋਕ ਸਭਾ ਮੈਂਬਰ ਵਜੋਂ, ਉਸ ਨੂੰ ਹਲਕੇ ਵਾਇਨਾਡ ਦਾ ਦੌਰਾ ਕਰਨਾ, ਪਾਰਟੀ ਦੇ ਕੰਮ ਵਿੱਚ ਸ਼ਾਮਲ ਹੋਣਾ ਅਤੇ ਬਹੁਤ ਯਾਤਰਾ ਕਰਨੀ ਪੈਂਦੀ ਹੈ।
ਇਸ ਲਈ, ਇਸ ਮਾਮਲੇ ਵਿੱਚ ਨਿੱਜੀ ਪੇਸ਼ੀ ਨੂੰ ਛੋਟ ਦਿੱਤੀ ਜਾਵੇ। ਰਾਹੁਲ ਗਾਂਧੀ ਨੇ ਬੇਨਤੀ ਕੀਤੀ ਸੀ ਕਿ ਜਦੋਂ ਵੀ ਲੋੜ ਹੋਵੇ ਸੁਣਵਾਈ ਵਿੱਚ ਉਸ ਦੇ ਵਕੀਲ ਦੁਆਰਾ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਕੁੰਟੇ ਨੇ ਹਾਲ ਹੀ ਵਿਚ ਦਲੀਲ ਦਿੱਤੀ ਸੀ ਕਿ ਕਿਉਂਕਿ ਗਾਂਧੀ ਹੁਣ ਸੰਸਦ ਮੈਂਬਰ ਨਹੀਂ ਰਹੇ, ਇਸ ਲਈ ਉਨ੍ਹਾਂ ਨੂੰ ਇਸ ਮਾਮਲੇ ਵਿਚ ਛੋਟ ਨਹੀਂ ਦਿੱਤੀ ਜਾਣੀ ਚਾਹੀਦੀ।
ਵੀਡੀਓ ਲਈ ਕਲਿੱਕ ਕਰੋ -: