ਉਨ੍ਹਾਂ ਸਕੱਤਰ ’ਤੇ ਆਪਣੇ ਪੁੱਤਰ ਦੀ ਕਪੂਰਥਲਾ ਜ਼ਿਲੇ ਦੀ ਵੱਡੀ ਸ਼ਰਾਬ ਫੈਕਟਰੀ ਵਿਚ ਹਿੱਸੇਦਾਰੀ ਨੂੰ ਹਿੱਤਾਂ ਦੇ ਟਕਰਾਅ ਹੋਣ ਦਾ ਵੀ ਦੋਸ਼ ਲਗਾਇਆ। ਰਾਜਾ ਵੜਿੰਗ ਵੱਲੋਂ ਅੱਜ ਕਈ ਅਹਿਮ ਖੁਲਾਸੇ ਕਰਦੇ ਹੋਏ ਜਾਂਚ ਦੀ ਮੰਗ ਵੀ ਮੁੱਖ ਮੰਤਰੀ ਦੇ ਸਾਹਮਣੇ ਰਖੀ ਗਈ। ਉਨ੍ਹਾਂ ਨਾ ਸਿਰਫ ਕਰਨ ਅਵਤਾਰ ਸਿੰਘ ਦੇ ਇਕਲੌਤੇ ਬੇਟੇ ਦੇ ਸ਼ਰਾਬ ਕਾਰੋਬਾਰੀ ਹੋਣ ਦਾ ਖੁਲਾਸਾ ਕਰਦਿਆਂ ਉਨ੍ਹਾਂ ’ਤੇ ਗੰਭੀਰ ਦੋਸ਼ ਲਗਾਏ ਸਗੋਂ ਕਹੇ ਬਿਨਾਂ ਇਹ ਵੀ ਸੰਕੇਤ ਦੇ ਦਿੱਤੇ ਕਿ ਉਹ ਤਾਂ ਇਹ ਸਭ ਪਤਾ ਲਗਾ ਲੈਣ ਵਿਚ ਸਫਲ ਰਹੇ ਹਨ ਪਰ ਮਹਿਕਮੇ ਦੇ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਹੁੰਦਿਆਂ ਵੀ ਕੈਪਟਨ ਅਮਰਿੰਦਰ ਸਿੰਘ ਰਾਜ ਦੇ ਮੁੱਖ ਸਕੱਤਰ ਅਤੇ ਇਸ ਵਿਭਾਗ ਦੇ ਸਭ ਤੋਂ ਸੀਨੀਅਰ ਅਫਸਰ ਕਰਨ ਅਵਤਾਰ ਸਿੰਘ ਦੀਆਂ ’ਕਨਫਲਿਕਟ ਆਫ ਇੰਟਰਸਟ’ ਵਾਲੀਆਂ ਸਰਗਰਮੀਆਂ ’ਤੇ ਨਜ਼ਰ ਨਹੀਂ ਰਖ ਸਕੇ।
ਦੱਸਣਯੋਗ ਹੈ ਕਿ ਰਾਜਾ ਵੜਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਵੀ ਹਨ। ਦੱਸ ਦੇਈਏ ਕਿ ਸ਼ਨੀਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕੁਝ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਬਹਿਸ ਹੋ ਗਈ ਸੀ, ਜਿਸ ਤੋਂ ਬਾਅਦ ਕੁਝ ਮੰਤਰੀ ਮੀਟਿੰਗ ’ਚੋਂ ਵਾਕਆਊਟ ਕਰ ਗਏ ਸਨ। ਗੱਲ ਇਥੋਂ ਤੱਕ ਵਧ ਗਈ ਕਿ ਕੁਝ ਮੰਤਰੀਆਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਤੇ ਮੰਤਰੀਆਂ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਕਰਨ ਅਵਤਾਰ ਸਿੰਘ ਦੇ ਆਉਣ ’ਤੇ ਉਹ ਇਸ ਬੈਠਕ ਵਿਚ ਹਿੱਸਾ ਨਹੀਂ ਲੈਣਗੇ।