ਬਲਾਤਕਾਰ ਅਤੇ ਕਤਲ ਦੇ ਦੋਸ਼ੀ ਪਾਏ ਗਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਰਾਮ ਰਹੀਮ ਨੂੰ 2015 ਦੇ ਬੇਅਦਬੀ ਮਾਮਲੇ ‘ਚ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਰਾਮ ਰਹੀਮ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਣ ਦੀ ਇਜਾਜ਼ਤ ਦਿੱਤੀ ਹੈ। ਰਾਮ ਰਹੀਮ ਫਿਲਹਾਲ ਰੋਹਤਕ ਦੀ ਸੁਨਾਰੀਆ ਜੇਲ ‘ਚ ਬੰਦ ਹੈ।
ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਣ ਦੀ ਇਜਾਜ਼ਤ ਮਿਲਣਾ ਪੰਜਾਬ ਸਰਕਾਰ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਸਾਹਮਣੇ ਆਈ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਹੁਣ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਨਹੀਂ ਲਿਆ ਸਕਦੀ।
ਹਾਲਾਂਕਿ ਇਸ ਮਾਮਲੇ ‘ਚ ਜ਼ਿਆਦਾ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੇ ਮਾਮਲੇ ‘ਚ ਪੂਰੇ ਹੁਕਮਾਂ ਦੀ ਕਾਪੀ ਜਾਰੀ ਨਹੀਂ ਕੀਤੀ ਹੈ। ਪਰ ਇਸ ਤੋਂ ਪਹਿਲਾਂ ਅਦਾਲਤ ਵਿੱਚ ਪੰਜਾਬ ਸਰਕਾਰ ਦੇ ਵਕੀਲ ਅਤੇ ਰਾਮ ਰਹੀਮ ਦੇ ਵਕੀਲ ਦਰਮਿਆਨ ਬਹਿਸ ਵੇਖਣ ਨੂੰ ਮਿਲੀ।
ਅਦਾਲਤ ‘ਚ ਰਾਮ ਰਹੀਮ ਵੱਲੋਂ ਵਕੀਲ ਕਨਿਕਾ ਆਹੂਜਾ ਪੇਸ਼ ਹੋਈ। ਕਨਿਕਾ ਨੇ ਕਿਹਾ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੇਅਦਬੀ ਦੇ ਇੱਕ ਮਾਮਲੇ ਵਿੱਚ ਐਸਆਈਟੀ ਨੂੰ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦੀ ਛੋਟ ਦਿੱਤੀ ਗਈ ਸੀ। ਰਾਮ ਰਹੀਮ ਪੰਜਾਬ ਆ ਕੇ 2015 ਦੇ ਬੇਅਦਬੀ ਮਾਮਲੇ ‘ਚ ਪੇਸ਼ ਨਹੀਂ ਹੋਣਾ ਚਾਹੁੰਦਾ। ਰਾਮ ਰਹੀਮ ਨੇ ਇਸ ਲਈ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੱਤਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਤੋਂ ਪੰਜਾਬ ਪੁਲਿਸ 2015 ਦੇ ਬੇਅਦਬੀ ਮਾਮਲੇ ‘ਚ ਰਾਮ ਰਹੀਮ ‘ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹੁਣ ਤੱਕ ਇਸ ਮਾਮਲੇ ਵਿੱਚ ਰਾਮ ਰਹੀਮ ਬਚਿਆ ਹੋਇਆ ਹੈ। ਹਾਈ ਕੋਰਟ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰਨ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: