ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਅਤੇ ਈਓਨ ਮੌਰਗਨ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅੱਜ ਆਈਪੀਐਲ ਦੇ ਦੂਜੇ ਪੜਾਅ ਦੇ ਦੂਜੇ ਮੈਚ ਵਿੱਚ ਭਿੜਨਗੀਆਂ। ਇਹ ਮੈਚ ਅਬੂ ਧਾਬੀ ਦੇ ਸ਼ੇਖ ਜ਼ਾਇਦ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 07:30 ਵਜੇ ਤੋਂ ਖੇਡਿਆ ਜਾਵੇਗਾ।
ਆਈਪੀਐਲ ਦੇ ਇਤਿਹਾਸ ਵਿੱਚ ਦੋਵਾਂ ਟੀਮਾਂ ਦੇ ਵਿੱਚ ਬਹੁਤ ਸਾਰੇ ਸ਼ਾਨਦਾਰ ਮੈਚ ਹੋਏ ਹਨ ਅਤੇ ਇਸ ਵਾਰ ਵੀ ਦੋਵਾਂ ਟੀਮਾਂ ਦੇ ਵਿੱਚ ਜ਼ਬਰਦਸਤ ਮੁਕਾਬਲਾ ਹੋ ਸਕਦਾ ਹੈ। ਹਾਲਾਂਕਿ, ਵਿਰਾਟ ਕੋਹਲੀ ਨੇ ਕੱਲ੍ਹ ਹੀ ਇਸ ਆਈਪੀਐਲ ਤੋਂ ਬਾਅਦ ਆਰਸੀਬੀ ਦੀ ਕਪਤਾਨੀ ਛੱਡਣ ਦਾ ਐਲਾਨ ਕੀਤਾ ਹੈ ਅਤੇ ਉਹ ਖ਼ਿਤਾਬ ਦੇ ਸੋਕੇ ਨੂੰ ਖ਼ਤਮ ਕਰਨ ਦੇ ਇਰਾਦੇ ਨਾਲ ਬਤੌਰ ਕਪਤਾਨ ਆਪਣੇ ਆਖਰੀ ਟੂਰਨਾਮੈਂਟ ਵਿੱਚ ਹਿੱਸਾ ਲੈਣਗੇ।
ਭਾਰਤ ਵਿੱਚ ਆਈਪੀਐਲ ਦੇ ਪਹਿਲੇ ਪੜਾਅ ਵਿੱਚ, ਦੋਵਾਂ ਟੀਮਾਂ ਦੇ ਵਿੱਚ ਖੇਡੇ ਗਏ ਮੈਚ ਵਿੱਚ, ਆਰਸੀਬੀ ਨੇ 38 ਦੌੜਾਂ ਦੇ ਫਰਕ ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਮੈਕਸਵੈੱਲ ਅਤੇ ਏਬੀ ਡਿਵਿਲੀਅਰਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਆਰਸੀਬੀ ਲਈ ਡੀਵਿਲੀਅਰਸ ਨੇ 34 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਦੇ ਨਾਲ ਹੀ ਮੈਕਸਵੈਲ ਨੇ 49 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ।