Rising cases of Covid-19 found : ਸੂਬੇ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀਜੀਪੀ ਨੂੰ ਅਗਲੇ ਕੁਝ ਮਹੀਨਿਆਂ ਲਈ ਗੈਰ-ਜ਼ਰੂਰੀ ਕੰਮਾਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੂੰ ਵਾਪਸ ਲੈ ਕੇ ਖਾਸ ਤੌਰ ’ਤੇ ਕੋਵਿਡ ਰਿਜ਼ਰਵ ਤਿਆਰ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਇਕ ਕੋਵਿਡ ਸਮੀਖਿਆ ਵੀਡੀਓ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਾਸਕਰ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਣ ਲਈ ਵੀ ਕਿਹਾ।
ਉਨ੍ਹਾਂ ਡੀਜੀਪੀ ਨੂੰ ਹਿਦਾਇਤਾਂ ਦਿੱਤੀਆਂ ਕਿ ਉਹ ਵੱਧ ਮਾਮਲਿਆਂ ਵਾਲੇ ਸ਼ਹਿਰਾਂ ਦੇ ਐਸਐਸਪੀਜ਼ ਨੂੰ ਬਿਮਾਰੀ ਦੇ ਹੋਰ ਫੈਲਣ ਦੀ ਰੋਕਥਾਮ ਲਈ ਸਾਰੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਿਦਾਇਤਾਂ ਦੇਣ। ਪੰਜਾਬ ਵਿਚ ਕੋਰੋਨਾ ਕਾਰਨ ਵਧਦੀ ਮੌਤ ਦਰ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਨੇ ਸਿਹਤ ਵਿਭਾਗ ਨੂੰ ਹਿਦਾਇਤ ਦਿੱਤੀ ਕਿ ਕੰਟੇਨਟਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਨੂੰ ਹੋਰ ਤੇਜ਼ੀ ਨਾਲ ਪਛਾਣ ਕੇ ਮਹਾਂਮਾਰੀ ਨੂੰ ਫੈਲਣ ‘ਤੇ ਰੋਕ ਲਗਾਉਣ ਲਈ ਤੇਜ਼ੀ ਨਾਲ ਉਨ੍ਹਾਂ’ ਤੇ ਕਾਬੂ ਪਾਇਆ ਜਾਵੇ।
ਮੁੱਖ ਮੰਤਰੀ ਨੇ ਰਾਜ ਸਰਕਾਰ ਵੱਲੋਂ ਪਹਿਲਾਂ ਤੋਂ ਤੈਅ ਕੀਤੇ ਟੀਚਿਆਂ ਅਨੁਸਾਰ ਟੈਸਟਿੰਗ ਵਧਾਉਣ ਲਈ ਤੁਰੰਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ। ਬਹੁਤ ਜ਼ਿਆਦਾ ਸਾਵਧਾਨੀ ਦੀ ਜ਼ਰੂਰਤ ਨੂੰ ਦਰਸਾਉਂਦੇ ਹੋਏ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀਆਂ ਨਵੀਆਂ, ਖਾਸਕਰ 5 ਵਿਅਕਤੀਆਂ ਦੇ ਇਕੱਠ ’ਤੇ ਪਾਬੰਦੀ ਸਬੰਧੀ ਹਿਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੀ ਕਿਹਾ। ਕੋਰੋਨਾ ਖਿਲਾਫ ਜੰਗ ਵਿਚ ਲੋਕਾਂ ਦੇ ਸਹਿਯੋਗ ਨੂੰ ਮੁੱਖ ਰਖਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਥਾਨਕ ਆਗੂਆਂ ਨਾਲ ਮਿਲ ਕੇ ਕੋਵਿਡ ਦੇ ਫੈਲਣ ਨੂੰ ਰੋਕਣ ਲਈ ਕਮਿਊਨਿਟੀ ਦੀ ਅਗਵਾਈ ਕਰਨ ਲਈ ਕਿਹਾ ਹੈ।