ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅਕਾਲੀ ਦਲ ਤੇ ਬਸਪਾ ਨੂੰ ਨਿਸ਼ਾਨਾ ਬਣਾਉਂਦ ਹੋਏ ਦਲਿਤ ਭਾਈਚਾਰੇ ‘ਤੇ ਇਤਰਾਜ਼ਯੋਗ ਬਿਆਨ ਦੇਣ ‘ਤੇ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ ਤੇ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਉਸ ਨੂੰ ਆਪਣੇ ਦਫਤਰ ਵਿੱਚ ਤਲਬ ਕੀਤਾ ਹੈ।
ਅਕਾਲੀ ਦਲ ਦੇ ਆਗੂ ਪਵਨ ਕੁਮਾਰ ਟੀਨੂੰ ਨੇ ਇਸ ਸੰਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਿੱਚ ਸ਼ਿਕਾਇਤ ਦਿੱਤ ਸੀ, ਜਿਸ ਤੋਂ ਬਾਅਦ ਹੁਣ ਕਮਿਸ਼ਨ ਇਸ ਸ਼ਿਕਾਇਤ ਦੀ ਪੜਤਾਲ ਕਰੇਗੀ। ਇਸ ਲਈ ਕਮਿਸ਼ਨ ਨੇ 22 ਜੂਨ ਨੂੰ 11.30 ਵਜੇ ਆਪਣੇ ਦਫਤਰ ਵਿੱਚ ਜਵਾਬ ਦੇਣ ਲਈ ਬੁਲਾਇਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਹਾਲ ਹੀ ਵਿੱਚ ਅਕਾਲੀ ਦਲ ਤੇ ਬਸਪਾ ਵੱਲੋਂ ਇੱਕ ਵਾਰ ਫਿਰ ਗਠਜੋੜ ਕੀਤਾ ਗਿਆ ਹੈ। ਅਜਿਹੇ ‘ਚ ਸੀਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਨੇ ਸ੍ਰੀ ਆਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੀਆਂ ਸੀਟਾਂ ‘ਤੇ ਬਸਪਾ ਦਾ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਕੋਟਕਪੂਰਾ ਫਾਇਰਿੰਗ ਮਾਮਲਾ : ਹੁਣ SIT ਖੁਦ ਆਏਗੀ ਵੱਡੇ ਬਾਦਲ ਕੋਲ, ਇਸ ਤਰੀਕ ਨੂੰ ਹੋਵੇਗੀ ਪੁੱਛ-ਗਿੱਛ
ਰਵਨੀਤ ਬਿੱਟੂ ਨੇ ਅਕਾਲੀ ਦਲ ‘ਤੇ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਸੀਟ ਬਸਪਾ ਨੂੰ ਦੇਣ ‘ਤੇ ਟਿੱਪਣੀ ਕਰਦੇ ਕਿਹਾ ਸੀ ਕਿ ਅਕਾਲੀ ਦਲ ਨੇ ਪਵਿੱਤਰ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ। ਇਸ ਤੋਂ ਬਾਅਦ ਦਲਿਤ ਭਾਈਚਾਰੇ ਸਣੇ ਅਕਾਲੀ ਦਲ ਤੇ ਬਸਪਾ ਵੱਲੋਂ ਸੰਸਦ ਮੈਂਬਰ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਐਸ ਸੀ ਕਮਿਸ਼ਨ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਰਵਨੀਤ ਬਿੱਟੂ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।