Scanning centres to provide data : ਅੰਮ੍ਰਿਤਸਰ ਵਿਚ ਸਕੈਨਿੰਗ ਸੈਂਟਰਾਂ ਨੂੰ ਕੋਵਿਡ19 ਦੇ ਸ਼ੱਕੀ ਲੱਛਣਾਂ ਵਾਲੇ ਮਰੀਜ਼ਾਂ ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ ਤਾਂਜੋ ਅਜਿਹੇ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਆਈਸੋਲੇਟ ਕੀਤਾ ਜਾ ਸਕੇ ਅਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਸਕੈਨਿੰਗ ਸੈਂਟਰ ਕੋਵਿਡ-19 ਦੇ ਲੱਛਣ ਦਿਖਾਈ ਦੇਣ ’ਤੇ ਉਸ ਦੀ ਸੂਚਨਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਈਮੇਲ amritsarcontrolroom@gmail.com ਅਤੇ nrhmamritsar@gmail.com ’ਤੇ ਦੇ ਸਕਦੇ ਹਨ।
ਕੋਵਿਡ-19 ਦੇ ਨੋਡਲ ਅਧਿਕਾਰੀ ਕਮ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਕੁਝ ਲੋਕਾਂ ’ਚ ਕੋਰੋਨਾ ਦੇ ਲੱਛਣ ਹੁੰਦੇ ਹਨ ਪਰ ਉਹ ਕੋਰੋਨਾ ਲਈ ਤੈਅ ਟੈਸਟ ਜਿਵੇਂਕਿ ਆਰਟੀਪੀਸੀਆਰ ਜਾਂ ਆਰਏਟੀ ਨਾ ਕਰਵਾ ਕੇ ਐਕਸਰੇਅ ਅਤੇ ਐਮਆਰਆਈ ਆਦਿ ਕਰਵਾ ਕੇ ਆਪਣੇ ਆਪ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਕੋਰੋਨਾ ਪਾਜ਼ੀਟਿਵ ਨਹੀਂ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਉਹ ਨਾ ਸਿਰਫ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਨਾਲ ਖੇਡ ਰਹੇ ਹਨ। ਇਸ ਨਾਲ ਘਰ ਵਿਚ ਇਕਾਂਤਵਾਸ ਵਿਚ ਨਾ ਰਹਿ ਕੇ ਇਹ ਬੀਮਾਰੀ ਦੂਸਰਿਆਂ ਤੱਕ ਵੀ ਫੈਲ ਸਕਦੀ ਹੈ। ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਬਾਅਦ ਆਪਣੇ ਘਰ ਵਿਚ ਵੀ ਰਹਿ ਸਕਦੇ ਹਨ। ਹਾਲਾਂਕਿ ਅਜਿਹਾ ਕਰਨ ’ਤੇ ਵੀ ਉਹ ਪ੍ਰਸ਼ਾਸਨ ਦੀ ਨਿਗਰਾਨੀ ਹੇਠ ਹੋਣਗੇ ਅਤੇ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਲਈ ਤਿਆਰ ਰਹੇਗਾ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਲਈ ਛੋਟ ਦਿੱਤੀ ਗਈ ਹੈ, ਜਿਸ ਅਧੀਨ ਕੋਈ ਵਿਅਕਤੀ ਚਾਹੇ ਉਹ 60 ਸਾਲ ਦਾ ਬਜ਼ੁਰਗ ਹੋਵੇ ਜਾਂ ਗਰਭਵਤੀ ਔਰਤ, ਜੇਕਰ ਉਸ ਦੀ ਸਿਹਤ ਠੀਕ ਹੈ ਅਤੇ ਉਸ ਦੇ ਘਰ ਵਿਚ ਰਹਿਣ ਲਈ ਵੱਖਰਾ ਸਥਾਨ ਹੈ ਤਾਂ ਉਹ ਘਰ ਵਿਚ ਹੀ ਆਪਣੇ ਆਪ ਨੂੰ ਆਈਸੋਲੇਟ ਕਰ ਸਕਦੇ ਹਨ।