ਚੰਡੀਗੜ੍ਹ:ਪੰਜਾਬ ਕਾਂਗਰਸ ਵਿਚਲੀ ਸਿਆਸਤ ਨੇ ਨਵਾਂ ਮੋੜ ਲੈ ਲਿਆ ਹੈ। ਕਾਂਗਰਸੀ ਕਲੇਸ਼ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਿਚਕਾਰ ਅੱਜ ਇੱਕ ਗੁਪਤ ਮੁਲਾਕਾਤ ਹੋਈ। ਇਸ ਦੌਰਾਨ ਦੋਵਾਂ ਵਿਚਾਲੇ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਗੱਲਬਾਤ ਹੋਈ। ਮੀਟਿੰਗ ਵਿਚ ਸੰਸਦ ਮੈਂਬਰ ਰਵਨੀਤ ਬਿੱਟੂ, ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ, ਕਾਂਗਰਸ ਦੇ ਸੰਸਦ ਮੈਂਬਰ ਜਸਵੀਰ ਡਿੰਪਾ ਅਤੇ ਪ੍ਰਨੀਤ ਕੌਰ ਵੀ ਸ਼ਾਮਲ ਹੋਏ।
ਮੀਟਿੰਗ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਵਿਚ ਉੁਨ੍ਹਾਂ ਕਿਹਾ ਕਿ ਮੈਂ ਨਾ ਤਾਂ ਮੁੱਖ ਮੰਤਰੀ ਬਣਨ ਦੀ ਦੌੜ ‘ਚ ਹਾਂ ਅਤੇ ਨਾ ਹੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਦੀ ਦੌੜ ‘ਚ ਹਾਂ। ਮੈਂ ਤਾਂ ਸਿਰਫ ਕਾਂਗਰਸ ਦੀ ਬਿਹਤਰੀ ਚਾਹੁੰਦਾ ਹਾਂ। ਮੀਟਿੰਗ ਵਿਚ ਪ੍ਰਤਾਪ ਬਾਜਵਾ ਨੇ ਨਵਜੋਤ ਸਿੰਘ ਸਿੱਧੂ ‘ਤੇ ਵੀ ਤਿੱਖੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਕਿ ਟੌਪ ਪੁਜ਼ੀਸ਼ਨਾਂ ‘ਤੇ ਪਹੁੰਚਣ ਲਈ ਪਾਰਟੀ ‘ਚ ਲੰਮਾ ਸਮਾਂ ਬਿਤਾਉਣਾ ਪੈਂਦਾ ਹੈ। ਕੋਈ ਕਰਨਲ ਰਾਤੋ-ਰਾਤ ਜਰਨਲ ਨਹੀਂ ਬਣ ਸਕਦਾ।
ਦੱਸ ਦੇਈਏ ਕਿ ਨਵਜੋਤ ਸਿੱਧੂ ਹਾਈਕਮਾਨ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਕੈਪਟਨ ਨਾਲ ਸਰਕਾਰ ਵਿਚ ਕੰਮ ਨਹੀਂ ਕਰਨਗੇ। ਉਹ ਸੂਬਾ ਪ੍ਰਧਾਨ ਬਣਨਾ ਚਾਹੁੰਦੇ ਹਨ ਪਰ ਇਹ ਗੱਲ ਕੈਪਟਨ ਨੂੰ ਮਨਜ਼ੂਰ ਨਹੀਂ ਹੈ। ਬੀਤੇ ਦਿਨੀਂ ਪੰਜਾਬ ਕਾਂਗਰਸ ਦੋਫਾੜ ਹੁੰਦੀ ਦਿਸ ਰਹੀ ਸੀ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਬਿਆਨਬਾਜ਼ੀਆਂ ਵੀ ਚੱਲਦੀਆਂ ਰਹੀਆਂ ਹਨ ਅਤੇ ਦੋਵੇਂ ਇੱਕ-ਦੂਜੇ ਵਿਰੁੱਧ ਸਿਆਸੀ ਨਿਸ਼ਾਨਾ ਵਿੰਨ੍ਹਦੇ ਰਹੇ ਹਨ। ਬੀਤੇ ਦਿਨੀਂ ਕੇਂਦਰੀ ਹਾਈਕਮਾਂਡ ਨੇ ਦੋਵਾਂ ਵਿਚਾਲੇ ਦਖ਼ਲ ਦਿੰਦਿਆਂ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਦਿੱਲੀ ਸੱਦਿਆ ਸੀ।
ਇਸ ਤੋਂ ਬਾਅਦ ਸਾਰੇ ਆਗੂਆਂ ਨੇ ਹਾਈਕਮਾਂਡ ਵੱਲੋਂ ਗਠਤ ਪੈਨਲ ਸਾਹਮਣੇ ਮੁਲਾਕਾਤ ਕੀਤੀ ਸੀ। ਮੁਲਾਕਾਤੀਆਂ ਵਿੱਚ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਸਨ। ਇਸ ਤੋਂ ਬਾਅਦ ਇਹੋ ਮੰਨਿਆ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਹਾਈਕਮਾਂਡ ਕੋਈ ਅਹਿਮ ਫ਼ੈਸਲਾ ਲੈ ਸਕਦੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਆਰਟਿਸਟ ਨੇ ਬਣਾਇਆ ਕੈਪਟਨ ਅਮਰਿੰਦਰ ਦਾ ਆਦਮਕਦ ਬੁੱਤ, CM ਨੂੰ ਕੀਤੀ ਇਹ ਅਪੀਲ