Seven corona Cases from Phagwara : ਕੋਰੋਨਾ ਵਾਇਰਸ ਨੇ ਪੰਜਾਬ ਵਿਚ ਪੂਰਾ ਜ਼ੋਰ ਫੜ ਲਿਆ ਹੈ। ਅੱਜ ਕਪੂਰਥਲਾ ਜ਼ਿਲੇ ਦੇ ਕਸਬਾ ਫਗਵਾੜਾ 7 ਤੇ ਪਟਿਆਲਾ ਜ਼ਿਲੇ ਤੋਂ 13 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਤੋਂ 3 ਪੁਲਿਸ ਮੁਲਾਜ਼ਮਾਂ ਸਣੇ 7 ਵਿਅਕਤੀਆਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੱਸਣਯੋਗ ਹੈ ਕਿ ਬੀਤੇ ਸ਼ਨੀਵਾਰ ਫਗਵਾੜਾ ਤੋਂ ਚਾਰ ਮਾਮਲਿਆਂ ਦੀ ਪੁਸ਼ਟੀ ਹੋਈ ਸੀ, ਜਿਥੇ ਥਾਣਾ ਸਿਟੀ ਫਗਵਾੜਾ ਵਿਚ ਐਸਐਚਓ ਅਤੇ ਉਨ੍ਹਾਂ ਦੇ ਗਨਮੈਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ, ਜਿਸ ਦੇ ਚੱਲਦਿਆਂ ਸਿਟੀ ਥਾਣੇ ਨੂੰ ਸੀਲ ਕਰ ਦਿੱਤਾ ਗਿਆ ਸੀ।
ਉਧਰ ਪਟਿਆਲਾ ਜ਼ਿਲੇ ਵਿਚ ਕੋਰੋਨਾ ਦੇ 13 ਨਵੇਂ ਹੋਰ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਦਰ ਰਾਤ 35 ਕੋਰੋਨਾ ਟੈਸਟ ਮਿਲੀਆਂ ਰਿਪੋਰਟਾਂ ਵਿਚ 13 ਰਿਪੋਰਟਾਂ ਕੋਰੋਨਾ ਪਾਜ਼ੀਟਿਵ ਆਈਆਂ ਹਨ। ਇਨ੍ਹਾਂ ਵਿਚ ਕੁਝ ਮਾਮਲੇ ਫਰੀਦਕੋਟ ਤੇ ਦਿੱਲੀ ਨਾਲ ਵੀ ਸਬੰਧਤ ਹਨ। ਇਸ ਤੋਂ ਇਲਾਵਾ ਦੋ ਗਰਭਵਤੀ ਔਰਤਾਂ ਅਤੇ ਇਕ ਫਰੰਟ ਲਾਈਨ ਕਰਮਚਾਰੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਉਕਤ ਮਰੀਜ਼ਾਂ ਵਿਚੋਂ ਤਿੰਨ ਨੂੰ ਹੋਮ ਆਈਸੋਲੇਸ਼ਨ, ਇਕ ਨੂੰ ਐਮਕੇਐਚ ਦੀ ਆਈਸੋਲੇਸ਼ਨ ਫੈਸਿਲਿਟੀ, ਚਾਰ ਮਰੀਜ਼ਾਂ ਨੂੰ ਕੋਵਿਡ ਕੇਅਰ ਸੈਂਟਰ, ਇਕ ਨੂੰ ਮਿਲਟਰੀ ਹਸਪਤਾਲ ਦੀ ਆਈਸੋਲੇਸ਼ਨ ਫੈਸਿਲਟੀ ਤੇ ਦੋ ਨੂੰ ਰਾਜਿੰਦਰਾ ਹਸਪਤਾਲ ਦੀ ਆਈਸੋਲੇਸ਼ਨ ਫੈਸਿਲਿਟੀ ਵਿਚ ਸ਼ਿਫਟ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦੇ ਹੋਏ ਇਸ ਦੇ ਮਰੀਜ਼ਾਂ ਅੰਕੜਾ 4338 ਤੋਂ ਪਾਰ ਹੋ ਗਿਆ ਹੈ। ਹੁਣ ਤੱਕ 2958 ਮਰੀਜ਼ਾਂ ਨੂੰ ਇਸ ਮਹਾਮਾਰੀ ਨੂੰ ਮਾਤ ਦੇਣ ’ਤੇ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾ ਚੁੱਕਾ ਹੈ, ਪਰ ਅਜੇ ਵੀ ਇਸ ਦੇ 1218 ਸਰਗਰਮ ਮਾਮਲੇ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਦੌਰਾਨ ਸੂਬੇ ਵਿਚ 106 ਲੋਕਾਂ ਦੀ ਇਸ ਵਾਇਰਸ ਨਾਲ ਜਾਨ ਜਾ ਚੁੱਕੀ ਹੈ।