Seven New cases of Corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਅੱਜ ਐਤਵਾਰ ਮੋਹਾਲੀ ਤੋਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਲਾਲੜੂ ਵਿਚ ਪੰਜ ਤੇ ਨਯਾਗਾਂਵ ਵਿਚ ਦੋ ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਇਸ ਤੋਂ ਪਹਿਲਾਂ ਹੀ ਮੋਹਾਲੀ ਵਿਚ ਸ਼ਨੀਵਾਰ ਨੂੰ ਵੀ ਕੋਰੋਨਾ ਦੇ 11 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿਚ ਤਿੰਨ ਬਲਟਾਨਾ ਅਤੇ ਅੱਠ ਮੁਬਾਰਕਪੁਰ ਤੋਂ ਸਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਹਾਲਾਤ ਦਾ ਜਾਇਜ਼ਾ ਲੈਣ ਲਈ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਉਥੇ ਤਾਇਨਾਤ ਸਿਹਤ ਅਤੇ ਪੁਲਿਸ ਟੀਮਾਂ ਨੂੰ ਜ਼ਰੂਰੀ ਹਿਦਾਇਤਾਂ ਦਿੱਤੀਆਂ।
ਉਥੇ ਚੰਡੀਗੜ੍ਹ ਦੇ ਸੈਕਟਰ-47 ਵਿਚ ਬੀਤੇ ਦਿਨ ਇਕ ਹੀ ਪਰਿਵਾਰ ਵਿਚ 40 ਸਾਲਾ ਔਰਤ ਤੇ ਉਸ ਦੀਆਂ ਦੋ ਧੀਆਂ ਵੀ ਪਾਜ਼ੀਟਿਵ ਪਾਈਆਂ ਗਈਆਂ ਸਨ। ਇਸ ਤੋਂ ਇਲਾਵਾ ਸੈਕਟਰ-26 ਬਾਪੂਧਾਮ ਕਾਲੋਨੀ ਵਿਚ ਛੇ ਦਿਨ ਦੀ ਬੱਚੀ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਮਿਲੀ ਹੈ। ਬੱਚੀ ਦੇ ਪਰਿਵਾਰ ਵਾਲੇ ਪਹਿਲਾਂ ਤੋਂ ਹੀ ਕੋਰੋਨਾ ਪਾਜ਼ੀਟਿਵ ਹਨ। ਇਸ ਤੋਂ ਇਲਾਵਾ ਖੁੱਡਾ ਜੱਸੂ ਤੋਂ 14 ਸਾਲ ਦੀ ਲੜਕੀ ਪਾਜ਼ੀਟਿਵ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।
ਇਨ੍ਹਾਂ ਪੰਜ ਨਵੇਂ ਕੇਸਾਂ ਦੇ ਨਾਲ ਚੰਡੀਗੜ੍ਹ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੁਲ ਗਿਣਤੀ 350 ਹੋ ਗਈ ਹੈ, ਜਦਕਿ ਇਸ ਸਮੇਂ ਹਸਪਤਾਲ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 50 ਤੋਂ ਵੀ ਵਧ ਗਈ ਹੈ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 11 ਕੇਸ ਸਾਹਮਣੇ ਆਏ ਸਨ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਵੀਕੈਂਡ ਤੇ ਜਨਤਕ ਛੁੱਟੀਆਂ ਵਾਲੇ ਦਿਨ ਸਖਤੀ ਨਾਲ ਲੌਕਡਾਊਨ ਦੀ ਪਾਲਣਾ ਕਰਵਾਉਣ ਦਾ ਫਰਮਾਨ ਜਾਰੀ ਕੀਤਾ ਹੈ ਤਾਂ ਜੋ ਇਸ ਦੇ ਕਮਿਊਨਿਟੀ ਫੈਲਾਅ ਨੂੰ ਰੋਕਿਆ ਜਾ ਸਕੇ।