Seven year old girl : ਮੋਹਾਲੀ ਵਿੱਚ ਆਪਣੇ ਪਤੀ ਨਾਲ ਤਲਾਕ ਤੋਂ ਬਾਅਦ ਵੱਖ ਰਹਿ ਰਹੀ ਔਰਤ ਆਪਣੀ ਸੱਤ ਸਾਲਾ ਬੱਚੀ ਨੂੰ ਘਰ ਵਿੱਚ ਇਕੱਲੇ ਛੱਡ ਕੇ ਨੌਕਰੀ ਕਰਨ ਜਾਣ ਲੱਗੀ। ਇਸ ਦੌਰਾਨ ਜਦੋਂ ਉਸ ਦੀ ਧੀ ਉਦਾਸ ਰਹਿਣ ਲੱਗੀ ਤਾਂ ਉਸਨੇ ਇਸ ਦਾ ਕਾਰਨ ਪੁੱਛਿਆ ਤਾਂ ਔਰਤ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਪਤਾ ਲੱਗਾ ਕਿ ਨਾਬਾਲਗ ਲੜਕਾ ਆਪਣੇ ਦੋਸਤ ਨਾਲ ਮਿਲ ਕੇ ਉਸ ਨਾਲ ਸਾਮੂਹਿਕ ਜਬਰ-ਜ਼ਨਾਹ ਕਰ ਰਹੇ ਸਨ। ਪੁਲਿਸ ਨੇ ਲੜਕੀ ਨਾਲ ਜਬਰ-ਜ਼ਨਾਹ ਦੇ ਦੋਸ਼ ਵਿੱਚ ਦੋ ਨਾਬਾਲਗ ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ। ਮਟੌਰ ਥਾਣੇ ਨੇ ਇਕ ਮਾਂ ਦੀ ਸ਼ਿਕਾਇਤ ‘ਤੇ ਦੋ ਨਾਬਾਲਿਗ ਲੜਕਿਆਂ ਖਿਲਾਫ ਬਲਾਤਕਾਰ ਕਰਨ ਦੇ ਦੋਸ਼’ ਚ ਆਈਪੀਸੀ ਦੀ ਧਾਰਾ 376 ਡੀ, 506 ਅਤੇ ਬੱਚਿਆਂ ਦੇ ਜਿਨਸੀ ਅਪਰਾਧ ਤੋਂ ਬਚਾਅ ਐਕਟ ਦੀ ਧਾਰਾ 6 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਜੁਵੇਨਾਈਲ ਜੇਲ੍ਹ ਭੇਜ ਦਿੱਤਾ।
ਜਾਂਚ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਪਿੰਡ ਮਟੌਰ ਦਾ ਹੈ, ਜਿਥੇ ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਪਤੀ ਨਾਲ ਤਲਾਕ ਹੋ ਚੁੱਕਾ ਹੈ ਤੇ ਘਰ ਚਲਾਉਣ ਲਈ ਉਹ ਮੁਹਾਲੀ ਵਿੱਚ ਇੱਕ ਪ੍ਰਾਈਵੇਟ ਨੌਕਰੀ ਕਰਦੀ ਹੈ। ਉਸਦੀ ਸੱਤ ਸਾਲਾਂ ਦੀ ਬੇਟੀ ਦੂਸਰੀ ਜਮਾਤ ਵਿੱਚ ਪੜ੍ਹਦੀ ਹੈ। ਪਿਛਲੇ ਦਿਨਾਂ ਤੋਂ ਉਹ ਉਹ ਕੋਰੋਨਾ ਕਾਰਨ ਘਰ ’ਚ ਹੀ ਸੀ। ਉਸਦੀ ਲੜਕੀ ਡਿਊਟੀ ਤੋਂ ਵਾਪਸ ਆਉਣ ਤੱਕ ਘਰ ਵਿੱਚ ਇਕੱਲੀ ਰਹਿੰਦੀ ਹੈ। ਉਸਦੀ ਧੀ ਕੁਝ ਦਿਨਾਂ ਤੋਂ ਬਹੁਤ ਡਰੀ ਹੋਈ ਸੀ। ਜਦੋਂ ਉਸਨੇ ਆਪਣੀ ਲੜਕੀ ਨੂੰ ਇਸ ਡਰ ਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਜਿਥੇ ਪਿਛਲੇ ਮਕਾਨ ਵਿੱਚ ਕਿਰਾਏ ’ਤੇ ਰਹਿੰਦੇ ਸਨ, ਉਥੇ ਇੱਕ ਲੜਕਾ ਆਪਣੇ ਦੋਸਤ ਨਾਲ ਮਿਲ ਕੇ ਜਬਰ-ਜ਼ਨਾਹ ਕੀਤਾ। ਉਹ ਲੜਕਾ ਜੂਨ 2019 ਤੋਂ ਉਸ ਨਾਲ ਜਬਰ-ਜ਼ਨਾਹ ਕਰਦਾ ਆ ਰਿਹਾ ਹੈ।
ਉਸ ਨੇ ਦੱਸਿਆ ਕਿ ਲੜਕੇ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਧੀ ਦੀ ਗੱਲ ਸੁਣ ਕੇ ਉਸਦੀ ਮਾਂ ਨੇ ਇਸ ਮਾਮਲੇ ਸੰਬੰਧੀ ਮਟੌਰ ਦੇ ਥਾਣੇ ਵਿੱਚ ਸ਼ਿਕਾਇਤ ਦਿੱਤੀ। ਏਐਸਆਈ ਚਰਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਦੋਵਾਂ ਨਾਬਾਲਗ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਅਤੇ ਦੋਵੇਂ ਨੌਜਵਾਨ 14-14 ਸਾਲ ਦੇ ਹਨ ਜੋ ਕਿ ਜੁਵੇਨਾਈਲ ਜੇਲ੍ਹ ਭੇਜ ਦਿੱਤੇ ਗਏ ਹਨ।