SGPC opens Covid Care Center : ਅੰਮ੍ਰਿਤਸਰ : ਪੰਜਾਬ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮੁਸ਼ਕਲ ਘੜੀ ਵਿੱਚ ਮਨੁੱਖਤਾ ਦੀ ਸੇਵਾ ਲਈ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਵਿਖੇ ਸ੍ਰੀ ਦਮਦਮਾ ਸਾਹਿਬ ‘ਚ ਕੋਰੋਨਾ ਕੇਅਰ ਕੇਂਦਰ ਖੋਲ੍ਹਿਆ ਹੈ। ਜਿਥੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ 50 ਬੈੱਡਾਂ ਵਾਲੇ ਕੇਂਦਰ ਵਿੱਚ 25 ਆਕਸੀਜਨ ਕੰਸਟ੍ਰੇਟਟਰਾਂ ਨਾਲ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਥੇ ਮੈਡੀਕਲ ਟੀਮਾਂ ਵੀ ਤਾਇਨਾਤ ਰਹਿਣਗੀਆਂ, ਜਿਨ੍ਹਾਂ ਵਿੱਚ 8 ਡਾਕਟਰ ਤੇ 24 ਨਰਸਿੰਗ ਸਟਾਫ ਸ਼ਾਮਲ ਹੈ। ਕੋਵਿਡ ਕੇਅਰ ਕੇਂਦਰ ਦਾ ਉਦਘਾਟਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐਸਜੀਪੀਸੀ ਨੇ ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਵੀ ਕੋਵਿਡ ਕੇਅਰ ਕੇਂਦਰ ਖੋਲ੍ਹਿਆ ਹੈ।
ਇਸ ਕੋਵਿਡ ਕੇਅਰ ਸੈਂਟਰ ਵਿੱਚ ਹਰ ਵੇਲੇ ਨਿਗਰਾਨੀ ਲਈ ਮੈਡੀਕਲ ਟੀਮ ਮੌਜੂਦ ਰਹੇਗੀ ਅਤੇ ਸਾਰੀਆਂ ਦਵਾਈਆਂ ਤੇ ਆਕਸੀਜਨ ਦੀ ਸਹੂਲਤ ਮੁਫਤ ਦਿੱਤੀ ਜਾਵੇਗੀ ਅਤੇ ਲੰਗਰ ਵੀ ਲਗਾਇਆ ਜਾਵੇਗਾ। ਗੰਭੀਰ ਹਾਲਤ ਵਾਲੇ ਮਰੀਜ਼ਾਂ ਲਈ ਵੈਂਟੀਲੇਟਰ ਵਾਲੀ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂਜੋ ਉਸ ਨੂੰ ਹਸਪਤਾਲ ਵਿੱਚ ਤਬਦੀਲ ਕੀਤਾ ਜਾ ਸਕੇ। ਬੀਬੀ ਜਗੀਰ ਕੌਰ ਨੇ ਇਸ ਮੌਕੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਟੀਕਾਕਰਣ ਵੀ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੂੰ ਕੋਰੋਨਾ ਮਰੀਜ਼ਾਂ ਲਈ ਰਾਖਵਾਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਕਸੀਜਨ ਪਲਾਂਟ ਦਾ ਵੀ ਪ੍ਰਬੰਧ ਕਰ ਲਿਆ ਹੈ ਅਤੇ ਇਸ ਤੋਂ ਇਲਾਵਾ ਪੰਜਾਬ ’ਚ ਸਥਾਪਿਤ ਕੀਤੇ ਜਾ ਰਹੇ ਕੋਵਿਡ ਕੇਅਰ ਕੇਂਦਰਾਂ ਲਈ ਆਕਸੀਜਨ ਕੰਸਨਟਰੇਟਰ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਹਨ।