Shahnaz Gill father denies : ਬਿਗ ਬੌਸ ਫੇਮ ਪੰਜਾਬੀ ਗਾਇਕਾ ਅਤੇ ਮਾਡਲ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁੱਖ ਨੇ ਆਪਣੇ ’ਤੇ ਲੱਗੇ ਬਲਾਤਕਾਰ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ, ਉਸ ਨੇ ਕਿਹਾ ਹੈ ਕਿ ਕੋਲ ਇਸ ਸ਼ਿਕਾਇਤ ਖਿਲਾਫ ਸਾਰੇ ਸੀਸੀਟੀਵੀ ਫੁਟੇਜ ਮੌਜੂਦ ਹਨ। ਉਸ ਨੇ ਅੱਗੇ ਦਾਅਵਾ ਕੀਤਾ ਹੈ ਕਿ ਉਸ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਜਿਸ ਦਿਨ ਦਾ ਜ਼ਿਕਰ ਕੀਤਾ ਗਿਆ ਹੈ, ਉਸ ਦਿਨ ਉਹ ਆਪਣੇ ਘਰ ਵਿਚ ਹੀ ਮੌਜੂਦ ਸੀ ਤੇ ਉਸ ਕੋਲ ਇਸ ਸਬੰਧੀ ਸੀਸੀਟੀਵੀ ਫੁਟੇਜ ਮੌਜੂਦ ਹੈ, ਜਿਸ ਨਾਲ ਉਹ ਸਾਬਿਤ ਕਰ ਸਕਦਾ ਹੈ ਕਿ ਉਹ ਉਸ ਦਿਨ ਘਰੋਂ ਬਾਹਰ ਨਹੀਂ ਗਿਆ।
ਸੰਤੋਖ ਸਿੰਘ ਨੇ ਉਸ ਖਿਲਾਫ ਐਫਆਈਆਰ ਦਰਜ ਹੋਣ ਮਗਰੋਂ ਫਰਾਰ ਹੋਣ ਵਾਲੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਉਸ ਕੋਲ ਆਪਣੀ ਬੇਗੁਨਾਹੀ ਸਾਬਿਤ ਕਰਨ ਲਈ ਪੁਖਤਾ ਸਬੂਤ ਮੌਜੂਦ ਹਨ। ਇਸ ਦੇ ਨਾਲ ਹੀ ਸੁੱਖ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਜਿਸ ਰੋਹੀ ਪੁਲ ਕੋਲ ਸ਼ਿਕਾਇਤਕਰਤਾ ਨੇ ਉਸ ਦਾ ਕਾਰ ਵਿਚ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ, ਉਸ ’ਤੇ ਵੀ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਜਿਸ ਦੀਆਂ ਫੁਟੇਜ ਦੇਖਣ ਤੋਂ ਬਾਅਦ ਸੱਚਾਈ ਸਾਹਮਣੇ ਆ ਜਾਵੇਗੀ।
ਦੱਸਣਯੋਗ ਹੈ ਕਿ ਜਲੰਧਰ ਦੀ ਰਹਿਣ ਵਾਲੀ ਇਕ 40 ਸਾਲਾ ਔਰਤ ਨੇ ਸੰਤੋਖ ਸਿੰਘ ਸੁੱਖ ’ਤੇ ਦੋਸ਼ ਲਗਾਇਆ ਸੀ ਕਿ ਉਹ ਆਪਣੇ ਦੋਸਤ ਲੱਕੀ ਸੰਧੂ ਨੂੰ ਸੁੱਖ ਰਾਹੀਂ ਮਿਲਣ ਗਈ ਤਾਂ ਉਸ ਨੇ ਉਸ ਦੇ ਦੋਸਤ ਨਾਲ ਮਿਲਾਉਣ ਦੇ ਬਹਾਨੇ ਆਪਣੀ ਕਾਰ ਵਿਚ ਲਿਜਾ ਲੈ ਗਿਆ ਅਤੇ ਰੋਹੀ ਪੁਲ ਕੋਲ ਕਾਰ ਵਿਚ ਪਿਸਤੌਲ ਦੀ ਨੋਕ ’ਤੇ ਬਲਾਤਕਾਰ ਕੀਤਾ।
ਉਸ ਨੇ ਦੋਸ਼ ਲਗਾਇਆ ਸੀ ਕਿ ਇਸ ਮਗਰੋਂ ਸੁੱਖ ਨੇ ਉਸ ਨੂੰ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਇਸ ਬਾਰੇ ਕੋਈ ਸ਼ਿਕਾਇਤ ਕੀਤੀ ਤਾਂ ਉਸ ਉਸ ਨੂੰ ਜਾਨੋਂ ਮਾਰ ਦੇਵੇਗਾ। ਉਸ ਮੁਤਾਬਕ ਇਹ ਘਟਨਾ 14 ਮਈ ਦੀ ਹੈ ਜਿਸ ਦੀ ਉਸ ਨੇ ਮੰਗਲਵਾਰ ਨੂੰ ਸ਼ਿਕਾਇਤ ਕੀਤੀ, ਜਿਸ ’ਤੇ ਪੁਲਿਸ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖਲ ਤੋਂ ਬਾਅਦ 19 ਮਈ ਨੂੰ ਬਿਆਸ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਸੀ।