ਨੇਪਾਲ ਦੇ ਇੱਕ ਸ਼ੇਰਪਾ ਨੇ ਮਾਊਂਟ ਐਵਰੈਸਟ ਦੇ ਡੈਥ ਜ਼ੋਨ ‘ਚ ਫਸੇ ਪਰਬਤਾਰੋਹੀ ਦੀ ਜਾਨ ਬਚਾਈ ਹੈ। ਸ਼ੇਰਪਾ ਨੇ 8000 ਫੁੱਟ ਦੀ ਉਚਾਈ ‘ਤੇ ਉਸ ਦੀ ਜਾਨ ਬਚਾਈ। ਪਰਬਤਾਰੋਹੀ ਨੂੰ ਬਚਾਉਣ ਲਈ ਸ਼ੇਰਪਾ ਉਸ ਨੂੰ ਆਪਣੀ ਪਿੱਠ ‘ਤੇ ਬੰਨ੍ਹ ਕੇ ਕਰੀਬ 6 ਘੰਟੇ ਤੱਕ ਤੁਰਿਆ ਅਤੇ ਉਸ ਨੂੰ ਬੇਸ ਕੈਂਪ ਪਹੁੰਚਾਇਆ। ਨੇਪਾਲ ਸਰਕਾਰ ਨੇ ਇਸ ਸੀਜ਼ਨ ਵਿੱਚ 478 ਲੋਕਾਂ ਨੂੰ ਐਵਰੈਸਟ ਉੱਤੇ ਚੜ੍ਹਨ ਦੀ ਮਨਜ਼ੂਰੀ ਦਿੱਤੀ ਹੈ। ਇਸ ਸਾਲ ਐਵਰੈਸਟ ਫਤਹਿ ਦੌਰਾਨ 12 ਪਰਬਤਰੋਹੀਆਂ ਨੇ ਆਪਣੀ ਜਾਨ ਗਵਾਈ ਹੈ।
18 ਮਈ ਨੂੰ, 36 ਸਾਲਾ ਗੇਲਜਾ ਸ਼ੇਰਪਾ ਚੀਨੀ ਪਰਬਤਾਰੋਹੀਆਂ ਨੂੰ ਐਵਰੈਸਟ ਦੀ ਚੋਟੀ ‘ਤੇ ਲੈ ਜਾਣ ਦੇ ਮਿਸ਼ਨ ‘ਤੇ ਸੀ। ਇਸ ਦੌਰਾਨ ਉਸ ਦੀ ਨਜ਼ਰ ਮਲੇਸ਼ੀਆ ਦੇ ਇਕ ਪਰਬਤਾਰੋਹੀ ‘ਤੇ ਪਈ। ਜੋ 8 ਹਜ਼ਾਰ ਮੀਟਰ ਦੀ ਉਚਾਈ ‘ਤੇ ਭਿਆਨਕ ਠੰਡ ‘ਚ ਰੱਸੀ ਨਾਲ ਲਟਕ ਰਿਹਾ ਸੀ। ਸ਼ੇਰਪਾ ਨੇ ਉਸ ਨੂੰ ਬਚਾਉਣ ਲਈ ਮਿਸ਼ਨ ਵਿਚਾਲੇ ਹੀ ਛੱਡ ਦਿੱਤਾ। ਗੇਲਜਾ ਸ਼ੇਰਪਾ ਨੇ ਕਿਹਾ ਕਿ ਮੈਂ ਕਲਾਇੰਟਸ ਨੂੰ ਐਵਰੈਸਟ ‘ਤੇ ਲਿਜਾਣ ਦਾ ਫੈਸਲਾ ਇਸ ਲਈ ਮੁਲਤਵੀ ਕਰ ਦਿੱਤਾ ਤਾਂ ਜੋ ਮੈਂ ਫਸੇ ਪਰਬਤਾਰੋਹੀ ਦੀ ਜਾਨ ਬਚਾ ਸਕਾਂ ਅਤੇ ਉਸ ਨੂੰ ਹੇਠਾਂ ਲਿਆ ਸਕਾਂ।
ਇਸ ਤੋਂ ਬਾਅਦ ਸ਼ੇਰਪਾ ਨੇ ਆਪਣੇ ਸਾਥੀ ਸ਼ੇਰਪਾ, ਨਗੀਮਾ ਤਾਸ਼ੀ ਦੀ ਮਦਦ ਨਾਲ ਪਰਬਤਾਰੋਹੀ ਨੂੰ ਸਲੀਪਿੰਗ ਮੈਟ ਵਿੱਚ ਲਪੇਟ ਕੇ ਬੰਨ੍ਹ ਦਿੱਤਾ। ਇਸ ਤੋਂ ਬਾਅਦ 6 ਘੰਟੇ ਪਿੱਠ ‘ਤੇ ਲੈ ਕੇ ਅਤੇ ਵਿਚਕਾਰ ਬਰਫ ‘ਤੇ ਖਿੱਚ ਕੇ 7,162 ਮੀਟਰ ਦੀ ਉਚਾਈ ‘ਤੇ ਸਥਿਤ ਕੈਂਪ-3 ‘ਤੇ ਲਿਆਂਦਾ ਗਿਆ। ਉੱਥੋਂ ਪਰਬਤਾਰੋਹੀ ਨੂੰ ਹੈਲੀਕਾਪਟਰ ਰਾਹੀਂ ਬੇਸ ਕੈਂਪ ਤੱਕ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ‘ਚ ਉਗਾਇਆ ਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਅੰਬ, 1 ਕਿਲੋ ਦੀ ਕੀਮਤ 2 ਲੱਖ ਤੋਂ ਵੀ ਵੱਧ
ਦੱਸ ਦੇਈਏ ਕਿ ਮਾਊਂਟ ਐਵਰੈਸਟ ‘ਤੇ 8 ਹਜ਼ਾਰ ਮੀਟਰ ਤੋਂ ਵੱਧ ਦੀ ਉਚਾਈ ‘ਤੇ ਸਥਿਤ ਹਿੱਸੇ ਨੂੰ ਡੈਥ ਜ਼ੋਨ ਕਿਹਾ ਜਾਂਦਾ ਹੈ, ਜਿੱਥੇ ਬਚਾਅ ਕਾਰਜ ਬਹੁਤ ਮੁਸ਼ਕਲ ਹੈ। ਵਾਯੂਮੰਡਲ ਵਿੱਚ ਘੱਟ ਆਕਸੀਜਨ ਹੈ ਅਤੇ ਆਕਸੀਜਨ ਦੇ ਸਹਾਰੇ ਤੋਂ ਬਿਨਾਂ ਉੱਥੇ ਜ਼ਿੰਦਾ ਰਹਿਣਾ ਬਹੁਤ ਮੁਸ਼ਕਲ ਹੈ। ਨੇਪਾਲ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਬਿਗਯਾਨ ਕੋਇਰਾਲਾ ਦਾ ਕਹਿਣਾ ਹੈ ਕਿ ਇੰਨੀ ਉਚਾਈ ‘ਤੇ ਕਿਸੇ ਵੀ ਪਰਬਤਾਰੋਹੀ ਨੂੰ ਬਚਾਉਣਾ ਅਸੰਭਵ ਹੈ। ਇਹ ਇੱਕ ਬਹੁਤ ਹੀ ਦੁਰਲੱਭ ਓਪਰੇਸ਼ਨ ਹੈ।
ਵੀਡੀਓ ਲਈ ਕਲਿੱਕ ਕਰੋ -: