Shiv Sena Suryawanshi All India President : ਲੁਧਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਆਮ ਲੋਕਾਂ ਤੇ ਸਿਆਸੀ ਲੀਡਰਾਂ ਨੂੰ ਫਾਇਦਾ ਪਹੁੰਚਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਅਤੇ ਇੰਟਰਨੈਸ਼ਨਲ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਟਰੇਸ ਕਰਕੇ ਉਨ੍ਹਾਂ ਵਿੱਚੋਂ 2 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਦੋਸ਼ੀਆਂ ਦੀ ਪਛਾਣ ਰਜਤ ਕੁਮਾਰ ਉਰਫ ਰਾਜਾ ਉਰਫ ਮਦਾਨ ਪੁੱਤਰ ਪ੍ਰਵੇਸ਼ ਕੁਮਾਰ ਮਦਾਨ ਵਾਸੀ ਪੀਪੀਆਂ ਵਾਲੀ ਗਲੀ ਝਬਾਲ ਰੋਡ ਅੰਮ੍ਰਿਤਸਰ, ਗੌਰਵ ਸ਼ਰਮਾ ਪੁੱਤਰ ਦੁਰਗਾ ਦਾਸ ਵਾਸੀ 88 ਫੱਟਾ ਰੋਡ ਮਜੀਠਾ ਰੋਡ ਅੰਮ੍ਰਿਤਸਰ, ਰਾਕੇਸ਼ ਭਸੀਨ ਪੁੱਤਰ ਬਲਦੇਵ ਰਾਜ ਵਾਸੀ ਗੋਕਲ ਬਿਹਾਰ ਗਲੀ ਨੰਬਰ 4 ਗੁੜ ਵਾਲਾ ਸ਼ਿਵਾਲਾ ਬਟਾਲਾ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ। ਥਾਣਾ ਡੇਹਲੋਂ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਭਸੀਨ ਨੂੰ 11 ਮਈ ਨੂੰ ਅੰਬੇਦਕਰ ਚੌਂਕ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਰਜਤ ਕੁਮਾਰ ਪੀਏ ਉਰਫ ਰਾਜਾ ਨੂੰ 13 ਮਈ ਨੂੰ ਫਗਵਾੜਾ ਨੇੜੇ ਸਕਾਰਪੀਓ ਗੱਡੀ ਸਣੇ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਗੌਰਵ ਸ਼ਰਮਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।
ਥਾਣਾ ਡੇਹਲੋਂ ਪੁਲਿਸ ਨੂੰ ਬੀਤੀ 11 ਮਈ ਨੂੰ ਸੂਚਨਾ ਮਿਲੀ ਸੀ ਦੋਸ਼ੀ ਲੋਕਾਂ ਤੇ ਸਿਆਸੀ ਲੀਡਰਾਂ ਨੂੰ ਉੱਚੇ ਸਿਆਸੀ ਲੀਡਰਾਂ ਤੋਂ ਫਾਇਦਾ ਪਹੁੰਚਾਉਣ ਦਾ ਝਾਂਸਾ ਦਿੰਦੇ ਸਨ, ਜਿਸ ਦੇ ਬਦਲੇ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਕੋਲੋਂ ਇੱਕ ਜਾਅਲੀ ਨੰਬਰ ਵਾਲੀ ਸਕਾਰਪੀਓ ਗੱਡੀ ਵੀ ਬਰਾਮਦ ਹੋਈ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 88 ਅ/ਧ 420, 379, 473, 120-ਬੀ ਆਈਪੀਐਸ ਡੇਹਲੋਂ ਲੁਧਿਆਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਕੇਸ਼ ਕੁਮਾਰ ਉਰਫ ਭਸ਼ੀਨ ਸ਼ਿਵ ਸੈਨਾ ਸੂਰਿਆਵੰਸ਼ੀ ਆਲ ਇੰਡੀਆ ਦਾ ਪ੍ਰਧਾਨ ਹੈ ਅਤੇ ਦੋਸ਼ੀ ਰਜਤ ਕੁਮਾਰ ਸੈਕਟਰੀ ਹੈ। ਰਾਕੇਸ਼ ਕੁਮਾਰ ਰਫ ਭਸ਼ੀਨ ਨੂੰ ਚਾਰ ਗੰਨਮੈਨ ਵੀ ਸੁਰੱਖਿਆ ਵਿੱਚ ਮਿਲੇ ਹੋਏ ਹਨ। ਇਨ੍ਹਾਂ ਖਿਲਾਫ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਬਿਹਾਰ ਸਟੇਟ ਵਿੱਚ ਮੁਕੱਦਮੇ ਦਰਜ ਹੋਏ ਹਨ। ਦੋਸ਼ੀਆਂ ਵੱਲੋਂ ਲਗਭਗ 5 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ ਅਤੇ ਦੋਸ਼ੀ ਗੌਰਵ ਸ਼ਰਮਾ ਦੇ ਇੰਟਰਨੈਸ਼ਨਲ ਸਮੱਗਲਰਾਂ ਨਾਲ ਵੀ ਸੰਬੰਧ ਹਨ ਜੋ ਬਾਹਰੋਂ ਨਸ਼ਾ ਮੰਗਵਾ ਕੇ ਅੱਗੇ ਕਾਫੀ ਸਟੇਟਾਂ ਵਿੱਚ ਸਪਲਾਈ ਕਰਦਾ ਹੈ।