Sidhu complaint at Akal Takhat Sahib : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਖੰਡਾ ਸਾਹਿਬ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣ ‘ਤੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਸਿੱਧੂ ਹਣ ਵਿਵਾਦਾਂ ਵਿੱਚ ਫਸ ਆ ਗਏ ਹਨ। ਸਿੱਧੂ ਦੇ ਇਸ ਤਰ੍ਹਾਂ ਸ਼ਾਲ ਪਹਿਨਣ ‘ਤੇ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀ ਹੈ, ਜਿਸ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਮਾਮਲੇ ਦਾ ਸਖਤ ਨੋਟਿਸ ਲੈਂਦਿਆਂ ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪਰਮਜੀਤ ਸਿੰਘ ਅਕਾਲੀ ਨੇ ਸਿੱਧੂ ਖਿਲਾਫ ਸ੍ਰੀ ਅਕਾਲ ਤਖਤ ‘ਤੇ ਸ਼ਿਕਾਇਤ ਕੀਤੀਹੈ। ਆਪਣੀ ਲਿਖਤੀ ਸ਼ਿਕਾਇਤ ਵਿੱਚ ਅਕਾਲੀ ਨੇ ਕਿਹਾ ਕਿ ਸਿੱਧੂ ਵੱਲੋਂ ਖੰਡਾ ਸਾਹਿਬ ਤੇ ਖਾਲਸੇ ਦੇ ਨਿਸ਼ਾਨ ਵਾਲਾ ਸ਼ਾਲ ਪਹਿਨਣਾ ਗਲਤ ਹੈ, ਜਦਕਿ ਸਿੱਖ ਹੋਣ ਕਾਰਨ ਸਿੱਧੂ ਨੂੰ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਮਰਿਆਦਾ ਦੇ ਖਿਲਾਫ ਹੈ। ਸਿੱਧੂ ਦੇ ਇਸ ਤਰ੍ਹਾਂ ਕਰਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਧੂ ਨੂੰ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਦਰਅਸਲ, ਸਿੱਧੂ ਹਲਕਾ ਸ਼ਾਹਕੋਟ ਦੇ ਪਿੰਡ ਸੰਧਾਵਾਲ ਵਿਖੇ ਕਿਸਾਨਾਂ ਨੂੰ ਐਮਐਸਪੀ ਬਾਰੇ ਜਾਗਰੂਕ ਕਰਨ ਲਈ ਆਏ ਸਨ। ਉਨ੍ਹਾਂ ਨੇ ਰੁਮਾਲਾ ਸਾਹਿਬ ਦੀ ਤਰ੍ਹਾਂ ਸ਼ਾਲ ਪਹਿਨੀ ਹੋਈ ਸੀ। ਇਸ ਤੇ ਖੰਡਾ ਅਤੇ ਓਂਕਾਰ ਛਪੇ ਹੋਏ ਸਨ। ਉਸ ਦੀ ਇਹ ਤਸਵੀਰ ਇੰਟਰਨੈੱਟ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ’ ਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਟਿੱਪਣੀਆਂ ਕਰ ਰਹੇ ਹਨ। ਇਸ ਸਬੰਧ ਵਿਚ ਪੰਥਕ ਸੇਵਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮਾਣਕਪੁਰ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਦੇ ਗੁਰਬਾਣੀ ਦੀ ਅਤੇ ਕਦੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਰਦੇ ਹਨ। ਸਿੱਧੂ ਨੇ ਅਜਿਹਾ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਜਿਸ ਲਈ ਉਨ੍ਹਾਂ ਨੂੰ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸਿੱਧੂ ਧਾਰਮਿਕ ਚਿੰਨ੍ਹ ਦੀ ਸ਼ਾਲ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ ਸਨ ਕਿ ਉਹ ਆਪਣੇ ਆਪ ਨੂੰ ਸਿੱਖ ਗੁਰੂਆਂ ਦੇ ਬਰਾਬਰ ਸਮਝਦੇ ਸਨ ਜਾਂ ਕਿਸੇ ਵੀ ਸਾਜਿਸ਼ ਤਹਿਤ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕੀਤੀ ਹੈ। ਉਥੇ ਹੀ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਸਿੱਧੂ ਦੀਆਂ ਕਾਰਵਾਈਆਂ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਧੂ ਨੂੰ ਬਿਨਾਂ ਸ਼ਰਤ ਸਿੱਖ ਪੰਥ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਸ ਤੋਂ ਅਜਿਹੀ ਕੋਈ ਹਰਕਤ ਦੀ ਉਮੀਦ ਨਹੀਂ ਸੀ।