Sikh Sangat will now : ਪੰਜਾਬ ’ਚ ਅੰਮ੍ਰਿਤਸਰ ਵਿੱਚ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਹੁਣ ਵਿਦੇਸ਼ਾਂ ਵਿੱਚ ਬੈਠੀ ਸਿੱਖ ਸੰਗਤ ਵੀ ਆਪਣੀ ਸੇਵਾ ਭੇਜ ਸਕੇਗੀ। ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲਾ ਨੇ ਸ੍ਰੀ ਦਰਬਾਰ ਸਾਹਿਬ ਨੂੰ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (FCRA), 2010 ਅਧੀਨ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇ ਦਿੱਤੀ ਹੈ, ਜਿਸ ਨਾਲ ਹੁਣ ਗੁਰੂ ਘਰ ਨੂੰ ਵਿਦੇਸ਼ਾਂ ਤੋਂ ਵੀ ਚੰਦਾ ਮਿਲ ਸਕੇਗਾ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਇਹ ਫੈਸਲਾ ਸਾਡੇ ਸਿੱਖ ਭੈਣ-ਭਰਾਵਾਂ ਦੀ ਸੇਵਾ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ। ਇਹ ਫੈਸਲਾ ਪੰਜ ਸਾਲਾਂ ਲਈ ਮੰਨਣਯੋਗ ਹੋਵੇਗਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਦਿੱਵਤਾ ਸਾਨੂੰ ਸ਼ਕਤੀ ਪ੍ਰਦਾਨ ਕਰਦੀ ਹੈ। ਦਹਾਕਿਆਂ ਤੋਂ ਦੁਨੀਆ ਭਰ ਵਿੱਚ ਸੰਗਤ ਉਥੇ ਸੇਵਾ ਕਰਨ ਵਿੱਚ ਅਸਮਰੱਥ ਸੀ। ਸ੍ਰੀ ਹਰਿਮੰਦਰ ਸਾਹਿਬ ਲਈ ਐੱਫਸੀਆਰਏ ਦੀ ਇਜਾਜ਼ਤ ਦੇਣ ਦੇ ਮੋਦੀ ਸਰਕਾਰ ਦੇ ਫੈਸਲੇ ਨਾਲ ਸਾਰਾ ਸੰਸਾਰ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਨਾਲ ਡੂੰਘਾ ਜੁੜ ਗਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿੱਚ ਐੱਫਸੀਆਰਏ ’ਤੇ ਫੈਸਲਾ ਬਹੁਤ ਹੀ ਫੈਸਲਾਕੁੰਨ ਹੈ ਜੋ ਇਕ ਵਾਰ ਫਿਰ ਸਾਡੀਆਂ ਸਿੱਖ ਭੈਣਾਂ ਅਤੇ ਭਰਾਵਾਂ ਦੀ ਸੇਵਾ ਦੀ ਸ਼ਾਨਦਾਰ ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ।
ਦੱਸਣਯੋਗ ਹੈ ਕਿ ਵਿਦੇਸ਼ੀ ਅੰਸ਼ਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਇੱਕ ਅਜਿਹਾ ਕਾਨੂੰਨ ਹੈ, ਜੋ ਭਾਰਤ ਵਿੱਚ ਗੈਰ-ਸਰਕਾਰੀ ਸੰਗਠਨ (ਐੱਨਜੀਓ) ਅਤੇ ਹੋਰ ਲੋਕਾਂ ਲਈ ਕੁਝ ਵਿਅਕਤੀਆਂ ਜਾਂ ਸੰਗਠਨਾਂ ਵੱਲੋਂ ਪ੍ਰਦਾਨ ਕੀਤੇ ਗਏ ਵਿਦੇਸ਼ੀ ਯੋਗਦਾਨ ਨੂੰ ਰੈਗੂਲੇਟ ਕਰਨ ਲਈ ਸੰਸਦ ਵੱਲੋਂ ਨਿਯਮਿਤ ਕੀਤਾ ਜਾਂਦਾ ਹੈ। ਐੱਫਸੀਆਰਏ ਐਕਟ ਸਾਲ 1976 ਵਿੱਚ ਬਣਿਆ ਸੀ। ਐੱਫਸੀਆਰਏ ਦੇ ਕਿਸੇ ਵੀ ਵਿਵਸਥਾ ਦੀ ਉਲੰਘਣਾ ਕਰਨ ’ਤੇ ਪੰਜ ਸਾਲ ਦੀ ਜੇਲ੍ਹ ਜਾਂ ਜੁਰਮਾਨਾ ਹੋ ਸਕਦਾ ਹੈ. ਇਸ ਐਕਟ ਨੂੰ ਸਾਲ 2010 ਵਿੱਚ ਬਹੁਤ ਵੱਡੇ ਪੈਮਾਨੇ ’ਤੇ ਸੋਧਿਆ ਗਿਆ ਸੀ।