ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਚੰਡੀਗੜ੍ਹ ਵਿੱਚ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਸਾਹਮਣੇ ਪੇਸ਼ ਹੋਣਗੇ। 2015 ਦੇ ਕੋਟਕਪੂਰਾ ਗੋਲੀਕਾਂਡ ਵਿੱਚ ਪੰਜਾਬ ਪੁਲਿਸ ਦੀ ਐਸਆਈਟੀ ਉਨ੍ਹਾਂ ਤੋਂ ਪੁੱਛਗਿੱਛ ਕਰੇਗੀ। ਇਹ ਗੋਲੀਬਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਹੈ। ਜਿਥੇ ਬੇਅਦਬੀ ਦਾ ਵਿਰੋਧ ਕਰ ਰਹੀ ਸਿੱਖ ਸੰਗਤ ‘ਤੇ ਪੁਲਿਸ ਨੇ ਗੋਲੀਆਂ ਚਲਾ ਦਿੱਤੀਆਂ ਸਨ। ਸੈਣੀ ਉਸ ਵੇਲੇ ਪੰਜਾਬ ਦੇ ਡੀਜੀਪੀ ਸਨ। ਸੈਣੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਘਟਨਾ ਵਾਲੇ ਦਿਨ ਪੁਲਿਸ ਨੇ ਕਿਸ ਦੇ ਹੁਕਮਾਂ ‘ਤੇ ਗੋਲੀ ਚਲਾਈ ਸੀ।
ਸੁਮੇਧ ਸੈਣੀ ਅਤੇ ਹੋਰ ਮੁਲਜ਼ਮਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿੱਚ ਇਸ ਕੇਸ ਨੂੰ ਕੇਂਦਰੀ ਏਜੰਸੀ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਸੈਣੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ।
ਹਾਈ ਕੋਰਟ ਨੇ ਸੈਣੀ ਦੀ ਪਟੀਸ਼ਨ ਨੂੰ ਖਾਰਿਜ ਕਰਦਿਆਂ ਪੰਜਾਬ ਪੁਲਿਸ ਨੂੰ 2015 ਵਿੱਚ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਸੀ। ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਏ.ਡੀ.ਜੀ.ਪੀ. ਦੀ ਅਗਵਾਈ ਵਿੱਚ ਹੋ ਰਹੀ ਹੈ, ਦੂਜੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ IG ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਟੀਮ ਚੱਲ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਕਾਸ ਠਾਕੁਰ ਨੇ CWG ‘ਚ ਜਿੱਤਿਆ ਚਾਂਦੀ ਤਮਗਾ, CM ਮਾਨ ਨੇ ਦਿੱਤੀ ਸ਼ਾਬਾਸ਼ੀ
ਇਸ ਤੋਂ ਪਹਿਲਾਂ ਸੁਮੇਧ ਸੈਣੀ ਨੂੰ ਕਰੀਬ 25 ਦਿਨ ਪਹਿਲਾਂ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਉਸ ਵੇਲੇ ਉਸ ਨੇ 3 ਹਫਤਿਆਂ ਦਾ ਸਮਾਂ ਮੰਗਿਆ ਸੀ। ਸੈਣੀ ਨੇ ਐਸਆਈਟੀ ਨੂੰ ਚਿੱਠੀ ਭੇਜੀ ਸੀ। ਜਿਸ ‘ਚ ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਅਦਾਲਤੀ ਮਾਮਲੇ ‘ਚ ਦਿੱਲੀ ‘ਚ ਹਨ, ਇਸ ਲਈ ਪੇਸ਼ ਨਹੀਂ ਹੋ ਸਕਦੇ। ਉਸ ਤੋਂ ਬਾਅਦ ਅੱਜ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: