Six Cases of Corona : ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਵਿਚ ਲਗਾਤਾਰ ਜਾਰੀ ਹੈ ਤੇ ਇਸ ਦੇ ਮਾਮਲਿਆਂ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਿਆਂ ’ਚ ਜ਼ਿਲਾ ਫਾਜ਼ਿਲਕਾ ਤੋਂ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਜ਼ਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲੇ ਤੋਂ ਵਧੇਰੇ ਮਾਮਲੇ ਬਾਹਰਲੇ ਸ਼ਹਿਰਾਂ ਜਾਂ ਸੂਬਿਆਂ ਤੋਂ ਆਏ ਲੋਕਾਂ ਨਾਲ ਹੀ ਸਬੰਧਤ ਹਨ। ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਨ੍ਹਾਂ 6 ਹੋਰ ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲੇ ਵਿਚ ਕੁਲ ਐਕਟਿਵ ਮਾਮਲੇ 11 ਹੋ ਗਏ ਹਨ।
ਸਿਵਲ ਸਰਜਨ ਨੇ ਅੱਗੇ ਦੱਸਿਆ ਕਿ ਅੱਜ ਸਾਹਮਣੇ ਆਏ ਇਨ੍ਹਾਂ 6 ਮਾਮਲਿਆਂ ਵਿਚ ਤਿੰਨ ਮਰੀਜ਼ ਫਾਜ਼ਿਲਕਾ ਤੋਂ ਹੀ ਹਨ ਜਿਨ੍ਹਾਂ ਵਿਚ ਇਕ 28 ਸਾਲਾ ਲੜਕੀ ਸ਼੍ਰੀਗੰਗਾ ਨਗਰ, 27 ਲੜਕੀ ਅਤੇ ਇਕ 13 ਸਾਲ ਦੀ ਅੱਲ੍ਹੜ ਸਾਮਲ ਹੈ। ਇਸ ਤੋਂ ਇਲਾਵਾ ਅਬੋਹਰ ਦੇ ਵਸਨੀਕ ਇਕ 42 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਹ ਵਿਅਕਤੀ ਗੁਜਰਾਤ ਤੋਂ ਪੰਜਾਬ ਪਰਤਿਆ ਸੀ। ਇਸ ਤੋਂ ਇਲਾਵਾ ਇਕ 17 ਸਾਲਾ ਲੜਕਾ ਜੋਕਿ ਦਿੱਲੀ ਤੋਂ ਪਰਤਿਆ ਸੀ ਅਤੇ ਇਕ 15 ਸਾਲਾ ਲੜਕਾ ਜੋਕਿ ਜੈਸਲਮੇਰ ਰਾਜਸਥਾਨ ਤੋਂ ਹੋ ਕੇ ਆਇਆ ਸੀ, ਦੀ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਉਨ੍ਹਾਂ ਅੱਗੇ ਦੱਸਿਾ ਕਿ ਬੀਕਾਨੇਰ ਰੋਡ ’ਤੇ 16 ਜੂਨ ਨੂੰ ਇਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ, ਉਸ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਕੋਰੋਨਾ ਜਾਂਚ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ ਉਨ੍ਹਾਂ ਦੇ ਘਰ ਕਰਨ ਵਾਲੀ 27 ਸਾਲਾ ਔਰਤ ਅਤੇ 13 ਸਾਲਾ ਲੜਕੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਅੱਜ ਮਿਲੇ ਸਾਰੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਛੇਤੀ ਹੀ ਕੁਆਰੰਟਾਈਨ ਕਰਕੇ ਉਨ੍ਹਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਣਗੇ।