Six Patients of Corona : ਫਾਜ਼ਿਲਕਾ ਜ਼ਿਲੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਅੱਜ ਜ਼ਿਲੇ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਦੋ ਬੀਐਸਐਫ ਦੇ ਜਵਾਨ ਵੀ ਸ਼ਾਮਲ ਹਨ। ਇਨ੍ਹਾਂ ਨਵੇਂ ਆਏ ਮਾਮਲਿਆਂ ਦੀ ਪੁਸ਼ਟੀ ਕਰਦਿਆਂ ਜ਼ਿਲਾ ਮਾਸ ਐਜੂਕੇਸ਼ਨ ਤੇ ਇਨਫਾਰਮੇਸ਼ਨ ਅਧਿਕਾਰੀ ਅਨਿਲ ਧੰਮੂ ਨੇ ਦੱਸਿਆ ਕਿ ਅੱਜ ਜ਼ਿਲੇ ਵਿਚ 6 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ, ਜਿਨ੍ਹਾਂ ਵਿਚੋਂ ਅਬੋਹਰ ਤੋਂ 30 ਸਾਲਾ ਅਤੇ 48 ਸਾਲਾ ਦੋ ਬੀਐਸਐਫ ਜਵਾਨਾਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਦੀ ਕੋਈ ਟ੍ਰੈਵਲਿੰਗ ਹਿਸਟਰੀ ਸਾਹਮਣੇ ਨਹੀਂ ਆਈ ਹੈ। ਇਕ 26 ਸਾਲਾ ਨੌਜਵਾਨ ਵਿਜੇ ਕਾਲੋਨੀ ਫਾਜ਼ਿਲਕਾ ਤੋਂ ਕੋਰੋਨਾ ਪਾਜ਼ੀਟਿਵ ਮਿਲਿਆ ਹੈ।
ਇਸ ਤੋਂ ਇਲਾਵਾ ਇਕ ਮਰਦ ਤੇ ਇਕ ਔਰਤ ਬਲਾਕ ਡੱਬਵਾਲਾ ਕਲਾਂ ਦੇ ਪਿੰਡ ਚਿਰਾਗ ਧਾਨੀ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 155 ਹੋ ਗਈ ਹੈ। ਹੁਣ ਤੱਕ ਜ਼ਿਲੇ ਵਿਚੋਂ 102 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਬੀਤੇ ਦਿਨ ਵੀ ਜ਼ਿਲੇ ਵਿਚੋਂ ਕੋਰੋਨਾ ਦੇ 7 ਮਾਮਲੇ ਸਾਹਮਣੇ ਆਏ ਸਨ ਅਬੋਹਰ ਨਾਲ ਸਬੰਧਤ ਹਨ, ਜਦਕਿ ਇਕ ਪਿੰਡ ਨੂਰਪੁਰਾ ਤੇ ਦੋ ਮਰੀਜ਼ ਜਲਾਲਾਬਾਦ ਦੇ ਪਿੰਡ ਰੱਤਾਥੇੜਾ ਦੇ ਰਹਿਣ ਵਾਲੇ ਹਨ।
ਦੱਸਣਯੋਗ ਹੈ ਕਿ ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਬੀਤੇ ਦਿਨ ਪੰਜਾਬ ਵਿਚ 7 ਹੋਰ ਮੌਤਾਂ ਹੋ ਗਈਆਂ ਅਤੇ 350 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਵੀ ਆਏ ਹਨ। ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਮੌਤਾਂ ਦੀ ਕੁੱਲ ਗਿਣਤੀ ਹੁਣ 249 ਤਕ ਪਹੁੰਚ ਗਈ ਹੈ ਜਦਕਿ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 9800 ਤੋਂ ਪਾਰ ਹੋ ਗਈ ਹੈ। ਇਸ ਤੋਂ ਇਲਾਵਾ 6454 ਮਰੀਜ਼ ਹੁਣ ਤਕ ਠੀਕ ਹੋਏ ਹਨ, ਜਦਕਿ 3092 ਕੇਸ ਅਜੇ ਵੀ ਐਕਟਿਵ ਹਨ।