Sixteen new cases of corona : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਮੋਗਾ ਤੇ ਫਰੀਦਕੋਟ ਤੋਂ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਫਰੀਦਕੋਟ ਵਿਚ ਅੱਜ ਸਾਹਮਣੇ ਆਏ 9 ਨਵੇਂ ਮਾਮਲਿਆਂ ਨਾਲ ਹੁਣ ਜ਼ਿਲੇ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 88 ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਿਹੜੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ਵਿਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ ਜਿਨ੍ਹਾਂ ਵਿਚੋਂ ਇਕ ਫਰੀਦਕੋਟ ਜੇਲ੍ਹ ਦਾ ਪੁਲਿਸ ਮੁਲਾਜ਼ਮ ਹੈ ਅਤੇ ਦੂਸਰਾ ਜੈਤੋ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਕੋਟਕਪੂਰਾ ਤੋਂ 4, ਗੋਲੇਵਾਲਾ ਤੋਂ 15 ਸਾਲਾ ਇਕ ਬੱਚਾ ਤੇ ਪਿੰਡ ਲੰਭਵਾਲੀ ਤੋਂ ਦੋ ਵਿਅਕਤੀਆਂ ਦੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਮੋਗਾ ਤੋਂ ਸਾਹਮਣੇ ਆਏ 7 ਨਵੇਂ ਮਾਮਲਿਆਂ ਵਿਚ 6 ਮਰਦਾਂ ਅਤੇ 1 ਔਰਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਮੋਗਾ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 264 ਹੋ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 4 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਜਦਕਿ 158 ਲੋਕ ਇਸ ਮਹਾਮਾਰੀ ਤੋਂ ਜੰਗ ਫਤਿਹ ਘਰ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇੰ ਜ਼ਿਲੇ ਵਿਚ ਕੋਰੋਨਾ ਦੇ 94 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ। ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 12293 ਤੋਂ ਵੀ ਪਾਰ ਹੋ ਗਈ ਹੈ ਅਤੇ ਉਥੇ ਹੀ ਮੌਤਾਂ ਦਾ ਅੰਕੜਾ ਵੀ 553 ਤੱਕ ਪਹੁੰਚ ਗਿਆ ਹੈ। ਹੁਣ ਤੱਕ 8096 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਪਰ ਅਜੇ ਵੀ ਇਸ ਜੇ 3915 ਮਾਮਲੇ ਐਕਟਿਵ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਥੇ ਹੀ ਦੇਸ਼ ਵਿਚ ਹੁਣ ਕੋਰੋਨਾ ਦੇ ਮਾਮਲੇ 1337022 ਦਾ ਅੰਕੜਾ ਪਾਰ ਕਰ ਚੁੱਕੇ ਹਨ।