Sixth Death in Mohali : ਮੋਹਾਲੀ ਵਿਚ ਕੋਰੋਨਾ ਵਾਇਰਸ ਨਾਲ ਅੱਜ ਇਕ ਹੋਰ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਇਕ 70 ਸਾਲਾ ਬਜ਼ੁਰਗ ਨੇ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਹਸਪਤਾਲ ਵਿਚ ਦਮ ਤੋੜ ਦਿੱਤਾ। ਉਥੇ ਹੀ ਜ਼ਿਲੇ ਵਿਚ ਕੋਰੋਨਾ ਦੇ ਚਾਰ ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਨਵੇਂ ਮਾਮਲੇ ਜ਼ੀਰਕਪੁਰ, ਜਵਾਹਰਪੁਰ, ਨਯਾਗਾਂਵ ਤੇ ਬਲਟਾਨਾ ਨਾਲ ਸਬੰਧਤ ਹਨ। ਦੱਸਣਯੋਗ ਹੈ ਕਿ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਦੇ 322 ਮਾਮਲੇ ਸਾਹਮਣੇ ਆ ਚੁੱਕੇ ਹਨ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਵਿਚ 237 ਲੋਕ ਕੋਰੋਨਾ ਤੋਂ ਜੰਗ ਜਿੱਤ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਥੇ ਹੀ ਮੋਹਾਲੀ ਵਿਚ ਹੁਣ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।
ਉਧਰ ਚੰਡੀਗੜ੍ਹ ਵਿਚ ਵੀ ਅੱਜ ਕੋਰੋਨਾ ਦੇ ਪੰਜ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਸੈਕਟਰ 40 ਦੀ ਇਕ 35 ਸਾਲਾ ਔਰਤ, ਸੈਕਟਰ 32 ਦਾ 24 ਸਾਲਾ ਨੌਜਵਾਨ, ਸੈਕਟਰ 32 ਦੀ 49 ਸਾਲਾ ਔਰਤ ਅਤੇ ਇਨ੍ਹਾਂ ਦੇ ਹੀ ਪਰਿਵਾਰ ਤੋਂ 14 ਸਾਲਾ ਲੜਕੀ ਤੇ ਸੈਕਟਰ 51 ਦਾ 55 ਸਾਲਾ ਵਿਅਕਤੀ ਸ਼ਾਮਲ ਹੈ। ਦੱਸਣਯੋਗ ਹੈ ਕਿ ਅੱਜ ਚੰਡੀਗੜ੍ਹ ਵਿਚ ਵੀ ਕੋਰੋਨਾ ਨਾਲ ਇਕ ਵਿਅਕਤੀ ਦੀ ਪੀਜੀਆਈ ਹਸਪਤਾਲ ਵਿਚ ਕੋਰੋਨਾ ਨਾਲ ਮੌਤ ਹੋ ਗਈ ਸੀ।
ਬੀਤੇ ਦਿਨ ਚੰਡੀਗੜ੍ਹ ਵਿਚ 21 ਨਵੇਂ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ ਜੀਐਮਸੀਐਚ-32 ਵਿਚ ਸੈਕਟਰ-32 ਦੇ ਰਹਿਣ ਵਾਲੇ 48 ਸਾਲਾ ਇਕ ਡਾਕਟਰ ਅਤੇ ਦੜਵਾ ਵਿਚ ਰਹਿਣ ਵਾਲੇ 40 ਸਾਲਾ ਲੈਬ ਅਟੈਂਡੈਂਟ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਦੱਸਣਯੋਗ ਹੈ ਕਿ ਸ਼ਹਿਰ ਵਿਚ ਹੁਣ ਤੱਕ ਕੋਰੋਨਾ ਦੇ 492 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 401 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ ਸ਼ਹਿਰ ਵਿਚ ਕੋਰੋਨਾ ਦੇ ਕੁਲ 84 ਮਾਮਲੇ ਸਰਗਰਮ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।