Soot on BJP posters : ਜ਼ੀਰਕਪੁਰ (ਮੁਹਾਲੀ) : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਸੁਧਾਰ ਕਾਨੂੰਨਾਂ ਨੂੰ ਲੈ ਕੇ ਕਿਸਾਨ ਪਿਛਲੇ 50 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨੇ ’ਤੇ ਬੈਠੇ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੜੇ ਕਿਸਾਨਾਂ ਵੱਲੋਂ ਕੜਾਕੇ ਦੀ ਠੰਡ ਵਿੱਚ ਵੀ ਅੰਦੋਲਨ ਜਾਰੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨ ਅੰਦੋਲਨ ਅਤੇ ਕੇਂਦਰ ਸਰਕਾਰ ਦੇ ਸਮਰਥਨ ਪ੍ਰਤੀ ਰਾਜ ਦੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ ਅਤੇ ਲੋਕ ਕਿਸੇ ਨਾ ਕਿਸੇ ਢੰਗ ਨਾਲ ਆਪਣਾ ਵਿਰੋਧ ਜ਼ਾਹਰ ਕਰਨ ਤੋਂ ਪਿੱਛੇ ਨਹੀਂ ਹੱਟ ਰਹੇ।। ਅਜਿਹੀ ਸਥਿਤੀ ਵਿੱਚ ਜ਼ੀਰਕਪੁਰ ਵਿੱਚ ਲੱਗੀ ਭਾਰਤੀ ਜਨਤਾ ਪਾਰਟੀ ਦੇ ਹੋਰਡਿੰਗਜ਼ ‘ਤੇ ਕਾਲਕ ਪੋਤੀ ਗਈ ਹੈ ਅਤੇ ਪੋਸਟਰ ‘ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ‘ਨੋ ਫਾਰਮਰ ਨੋ ਫੂਡ’ ਵੀ ਲਿਖਿਆ ਗਿਆ ਹੈ। ਇਹ ਕਿਸ ਦੀ ਹਰਕਤ ਹੈ, ਇਗ ਅਜੇ ਤੱਕ ਸਾਫ ਨਹੀਂ ਹੋ ਸਕਿਆ ਹੈ.
ਦਰਅਸਲ, ਜ਼ੀਰਕਪੁਰ ਵਿੱਚ ਸਿਟੀ ਕੌਂਸਲ ਚੋਣਾਂ ਕਰਕੇ ਸ਼ਹਿਰ ਵਿੱਚ ਸਮੂਹ ਰਾਜਨੀਤਿਕ ਪਾਰਟੀ ਉਮੀਦਵਾਰਾਂ ਵੱਲੋਂ ਪੋਸਟਰ ਅਤੇ ਹੋਰਡਿੰਗਜ਼ ਲਗਾਏ ਜਾ ਰਹੇ ਹਨ। ਪਰ ਲੋਕ ਭਾਜਪਾ ਉਮੀਦਵਾਰਾਂ ਦੁਆਰਾ ਲਗਾਏ ਗਏ ਪੋਸਟਰਾਂ ਨੂੰ ਪਸੰਦ ਨਹੀਂ ਕਰ ਰਹੇ ਅਤੇ ਉਮੀਦਵਾਰਾਂ ਦਾ ਸਖਤ ਵਿਰੋਧ ਵੀ ਹੋ ਰਿਹਾ ਹੈ। ਇਸੇ ਦੇ ਚੱਲਦਿਆਂ ਕਿਸੇ ਨੇ ਢਕੋਲੀ ਇਲਾਕੇ ਤੋਂ ਉਮੀਦਵਾਰ ਐਡਵੋਕੇਟ ਨੀਤੂ ਖੁਰਾਣਾ ਦੇ ਹੋਰਡਿੰਗ (ਪੋਸਟਰ) ‘ਤੇ ਕਾਲਕ ਪੋਤ ਦਿੱਤੀ। ਕਾਲਕ ਨਾਲ ਨੋ ਫਾਰਮਰ ਨੋ ਫੂਡ ਵੀ ਲਿਖਿਆ ਗਿਆ ਹੈ। ਇਹ ਕੰਮ ਕਿਸਨੇ ਕੀਤਾ ਇਸ ਬਾਰੇ ਅਜੇ ਪਤਾ ਨਹੀਂ ਚਲ ਸਕਿਆ ਹੈ। ਕਿਸਾਨ ਅੰਦੋਲਨ ਕਾਰਨ ਪੰਜਾਬ ਵਿੱਚ ਭਾਜਪਾ ਵਰਕਰਾਂ ਅਤੇ ਉਮੀਦਵਾਰਾਂ ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਜਦ ਕਿ ਕਿਸਾਨ ਜਥੇਬੰਦੀਆਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ। ਪਰ ਇਸ ਦੇ ਬਾਵਜੂਦ ਭਾਜਪਾ ਪਾਰਟੀ ਵੱਲੋਂ ਚੋਣਾਂ ਨੂੰ ਲੈ ਕੇ ਮੀਟਿੰਗਾਂ ਦਾ ਦੌਰ ਜਾਰੀ ਹੈ।