ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਹੋਈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜਿਵੇਂ ਹੀ ਸਭਾ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ ਵਿਰੋਧੀ ਧਿਰ ਨੇ ਵਿਰੋਧ ਸ਼ੁਰੂ ਕਰ ਦਿੱਤਾ ਤੇ ਕਾਂਗਰਸ ਨੇ ਵਾਕਆਊਟ ਕਰ ਦਿੱਤਾ। ਇਸੇ ਦੌਰਾਨ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਤੇ ਸਪੀਕਰ ਕੁਲਤਾਰ ਸੰਧਵਾਂ ਵਿਚਾਲੇ ਕਿਸਾਨਾਂ ਦੇ ਮੁੱਦੇ ‘ਤੇ ਤਿੱਖੀ ਬਹਿਸ ਹੋ ਗਈ।
ਪ੍ਰਗਟ ਸਿੰਘ ਨੇ ਸਪੀਕਰ ਸੰਧਵਾਂ ‘ਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਕਿਸਾਨਾਂ ਦੇ ਧਰਨਿਆਂ ਦੀ ਵਜ੍ਹਾ ਨਾਲ ਨਸ਼ਾ ਵਧਿਆ ਹੈ। ਇਸ ‘ਤੇ ਸਪੀਕਰ ਸੰਧਵਾਂ ਭੜਕ ਗਏ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਮੇਰਾ ਇਕ ਵੀ ਬਿਆਨ ਦਿਖਾ ਦਿਓ। ਬਿਨਾਂ ਸਿਰ ਪੈਰ ਦੇ ਗੱਲ ਨਾ ਕਰੋ। ਉਨ੍ਹਾਂ ਕਿਹਾ ਕਿ ਜੇਕਰ ਗੱਲ ਕਰਨੀ ਨਹੀਂ ਆਉਂਦੀ ਤਾਂ ਸੋਚ ਕੇ ਬੋਲੋ। ਸਪੀਕਰ ਨੇ ਕਿਹਾ ਕਿ ਧਰਨੇ ਦੀ ਵਜ੍ਹਾ ਨਾਲ ਨਸ਼ਾ ਵਧਿਆ ਹੈ, ਇਹ ਗੱਲ ਮੈਂ ਕਦੇ ਨਹੀਂ ਕਹੀ।
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬਜਟ ਸੈਸ਼ਨ ਵਿਚ ਪਟਿਆਲਾ ਵਿਚ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤ ਨਾਲ ਹੋਈ ਕੁੱਟਮਾਰ ਦੇ ਮੁੱਦੇ ਨੂੰ ਚੁੱਕਿਆ।ਬਾਜਵਾ ਨੇ ਕਿਹਾ ਕਿ ਹੁਣ ਵੀ ਸਾਡੀ ਮੰਗ ਹੈ ਕਿ ਘਟਨਾ ਲਈ ਜ਼ਿੰਮੇਵਾਰ ਮੁਲਜ਼ਮ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਅਸੀਂ ਉਨ੍ਹਾਂ ਖਿਲਾਫ ਮਿਸਾਲੀ ਸਜ਼ਾ ਦੀ ਮੰਗ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਫਸਰਾਂ ਖਿਲਾਫ਼ FIR ਦਰਜ ਕਰ ਕੇ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ ਤੇ ਨਾਲ ਹੀ ਉਨ੍ਹਾਂ ਨੇ ਮਾਮਲੇ ਦੀ ਜੱਜ ਦੀ ਨਿਗਰਾਨੀ ‘ਚ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
