Sukhbir badal asked questions : ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਤਿੱਖੇ ਸਵਾਲ ਕਰਦੇ ਹੋਏ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਇਸ ਗੱਲ ਦਾ ਜਵਾਬ ਦੇਣ ਕਿ ਉਨ੍ਹਾਂ ਨੇ ਸੰਸਦ ਵਿਚ ਤਿੰਨ ਕਿਸਾਨ ਵਿਰੋਧੀ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ਵਾਸਤੇ ਫਿਕਸ ਮੈਚ ਕਿਉਂ ਖੇਡਿਆ? ਅਤੇ ਕੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸ ਸੀ ਸਕਾਲਰਸ਼ਿਪ ਘੁਟਾਲੇ ਵਿਚ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਦਿੱਲੀ ਕਲੀਨਿ ਚਿੱਟ ਨਾਲ ਸਹਿਮਤ ਹਨ।
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਪੰਜਾਬੀਆਂ ਨਾਲ ਗੱਦਾਰੀ ਕਿਉਂ ਕੀਤੀ ਤੇ ਇਹ ਬਿੱਲ ਇਕ ਸੱਚਾਈ ਵਿਚ ਬਦਲਣ ਲਈ ਪ੍ਰਕਿਰਿਆ ਲੀਹ ‘ਤੇ ਕਿਉਂ ਪਾਈ। ਉਹਨਾਂ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਪੰਜ ਸਵਾਲ ਪੁੱਛਣਾ ਚਾਹੁੰਦਾ ਹਾਂ।
- ਕੀ ਤੁਹਾਡੀ ਪਾਰਟੀ ਨੇ 2017 ਵਿਚ ਪੰਜਾਬ ਦੀਆਂ ਚੋਣਾਂ ਵੇਲੇ ਚੋਣ ਮਨੋਰਥ ਪੱਤਰ ਵਿਚ ਕਿਹਾ ਸੀ ਕਿ ਤੁਸੀਂ ਪ੍ਰਾਈਵੇਟ ਮੰਡੀਆਂ ਦੀ ਸਥਾਪਨਾ ਕਰੋਗੇ ਤੇ ਈ ਟਰੇਡਿੰਗ ਤੇ ਕਾਂਟਰੈਕਟ ਫਾਰਮਿੰਗ ਦੀ ਆਗਿਆ ਦੇਵੋਗੇ, ਜੋ ਹੁਣ ਦਿੱਤੀ ਹੋਈ ਹੈ ?
- ਜੇਕਰ ਅਜਿਹਾ ਹੈ ਤਾਂ ਤੁਸੀਂ ਹੁਣ ਤੱਕ ਪੰਜਾਬ ਦੇ ਏ ਪੀ ਐਮ ਸੀ ਐਕਟ ਵਿਚ ਕੀਤੀਆਂ ਸੋਧਾਂ ਨੂੰ ਖਤਮ ਕਿਉਂ ਨਹੀਂ ਕੀਤਾ ?
- ਕੀ 2019 ਦੀਆਂ ਆਮ ਚੋਣਾਂ ਲਈ ਤੁਹਾਡੇ ਚੋਣ ਮਨੋਰਥ ਪੱਤਰ ਵਿਚ ਤੁਸੀਂ ਇਹ ਕਿਹਾ ਸੀ ਕਿ ਤੁਸੀਂ ਏ ਪੀ ਐਮ ਸੀ ਐਕਟ ਖਤਮ ਕਰੋਗੇ ਤੇ ਖੇਤੀ ਜਿਣਸਾਂ ਦੇ ਵਪਾਰ ਨੂੰ ਸਾਰੀਆਂ ਬੰਦਸ਼ਾਂ ਤੋਂ ਮੁਕਤ ਕਰੋਗੇ ?
- ਤੁਸੀਂ ਖੇਤੀ ਬਿੱਲਾਂ ਦਾ ਵਿਰੋਧ ਕਰਨ ਲਈ ਆਪਣੇ ਸੰਸਦ ਮੈਂਬਰਾਂ ਨੂੰ ਵ੍ਹਿਪ ਜਾਰੀ ਕਿਉਂ ਨਹੀਂ ਕੀਤੀ
- ਆਪਣੇ ਸੀਨੀਅਰ ਆਗੂਆਂ ਦੀ ਡਿਊਟੀ ਬਿੱਲਾਂ ਦਾ ਵਿਰੋਧ ਕਰਨ ਵਾਸਤੇ ਕਿਉਂ ਨਹੀਂ ਲਗਾਈ ?
ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਐਡੀਸ਼ਨਲ ਚੀਫ ਸੈਕਟਰੀ ਵੱਲੋਂ ਕੀਤੀ ਜਾਂਚ ਦੌਰਾਨ ਦੋਸ਼ੀ ਪਾਏ ਜਾਣ ਦੇ ਬਾਵਜੂਦ ਕਲੀਨ ਚਿੱਟ ਦੇਣ ਬਾਰੇ ਗੱਲ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਇਹ ਦੱਸਣ ਕਿ ਕੀ ਉਹ ਮੁੱਖ ਮੰਤਰੀ ਵੱਲੋਂ ਲਏ ਫੈਸਲੇ ਨਾਲ ਸਹਿਮਤ ਹਨ? ਉਹਨਾਂ ਕਿਹਾ ਕਿ ਰਾਹੁਲ ਗਾਂਧੀ ਇਹ ਵੀ ਦੱਸਣ ਕਿ ਕੀ ਉਹ ਕਾਂਗਰਸ ਦੇ ਮੰਤਰੀਆਂ ਨੂੰ ਕੇਂਦਰ ਵੱਲੋਂ ਐਸ ਸੀ ਵਿਦਿਆਰਥੀਆਂ ਲਈ ਭੇਜੇ ਫੰਡਾਂ ਦੀ ਲੁੱਟ ਦਾ ਖੁੱਲਾ ਲਾਇਸੰਸ ਦੇਣ ਨਾਲ ਵੀ ਸਹਿਮਤ ਹਨ।