Sukhbir Badal blames Chief Minister : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਪੁਲਿਸ ਵੱਲੋਂ ਪਟਿਆਲਾ ਵਿਚ ਇਕ ਨੌਜਵਾਨ ਨੂੰ ਅਗਵਾ ਕਰ ਕੇ ਉਸ ’ਤੇ ਅੰਨਾ ਤਸ਼ੱਦਦ ਢਾਹੁਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਅੰਦੋਲਨ ਵਿਚ ਭਾਗ ਲੈਣ ਵਾਲੇ ਸੂਬੇ ਦੇ ਨੌਜਵਾਨਾਂ ’ਤੇ ਢਾਹੇ ਜਾ ਰਹੇ ਤਸ਼ੱਦਦ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਤਰੀਕੇ ਦਿੱਲੀ ਪੁਲਿਸ ਦੇ ਅਮਲੇ ਨੇ ਲੱਖਾ ਸਿਧਾਣਾ ਜੋ ਕਿ 26 ਜਨਵਰੀ ਨੁੰ ਲਾਲ ਕਿਲ੍ਹੇ ’ਤੇ ਵਾਪਰੇ ਘਟਨਾਕ੍ਰਮ ਵਿਚ ਲੋੜੀਂਦਾ ਹੈ, ਦੇ ਭਰਾ ਮੁੰਡੀ ਸਿਧਾਣਾ ਨੂੰ ਅਗਵਾ ਕੀਤਾ ਤੇ ਬੇਰਹਿਮੀ ਨਾਲ ਕੁੱਟਿਆ, ਉਹ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਦੇ ਹਾਂ ਕਿ ਉਹ ਦਿੱਲੀ ਪੁਲਿਸ ਨੂੰ ਅਜਿਹੀਆਂ ਕਾਰਵਾਈ ਕਰਨ ਦੀ ਆਗਿਆ ਕਿਉਂ ਦੇ ਰਹੇ ਹਨ? ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਦਾ ਪੰਜਾਬ ਵਿਚ ਕੋਈ ਅਧਿਕਾਰ ਖੇਤਰ ਨਹੀਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਸੂਬੇ ਵਿਚ ਬਿਨਾਂ ਰੋਕ ਟੋਕ ਛਾਮੇ ਮਾਰਨ ਤੇ ਨਜਾਇਜ਼ ਦੋਸ਼ਾਂ ’ਤੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦੀ ਆਗਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤੁਰੰਤ ਬੰਦ ਹੋਣਾ ਚਾਹੀਦਾ ਹੈ।
ਮੁੱਖ ਮੰਤਰੀ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਗੇ ਇਸ ਕਦਮ ਨਾ ਝੁਕਣ ਲਈ ਆਖਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਤੁਸੀਂ ਪੰਜਾਬੀਆਂ ਦੇ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹਰ ਮਾਮਲੇ ’ਤੇ ਭਾਜਪਾ ਨਾਲ ਫਿਕਸ ਮੈਚ ਖੇਡਿਆ ਹੈ। ਅਸੀਂ ਵੇਖਿਆ ਹੈ ਕਿ ਕਿਵੇਂ ਤੁਸੀਂ ਸੂਬੇ ਦੇ ਅਧਿਕਾਰ ਕੇਂਦਰ ਅੱਗੇ ਸਰੰਡਰ ਕਰ ਦਿੱਤੇ। ਹੁਣ ਤੁਸੀਂ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੂਬੇ ਦੇ ਨੌਜਵਾਨਾਂ ਨੂੰ ਸਜ਼ਾਵਾਂ ਦੇਣ ਦੀ ਸਾਜ਼ਿਸ਼ ਵਿਚ ਭਾਈਵਾਲ ਬਣ ਰਹੇ ਹੋ। ਉਨ੍ਹਾਂ ਕਿਹਾ ਕਿ ਤੁਹਾਨੂੰ ਦਿੱਲੀ ਪੁਲਿਸ ਨੂੰ ਸਾਡੇ ਸੈਂਕੜੇ ਨੌਜਵਾਨਾਂ ਦਾ ਭਵਿੱਖ ਤਬਾਹ ਕਰਨ ਦੀ ਆਗਿਆ ਨਹੀਂ ਦੇਣੀ ਚਾਹੀਦੀ ਹੈ ਤੇ ਨਾ ਹੀ ਤੁਸੀਂ ਨੌਜਵਾਨਾਂ ’ਤੇ ਅੰਨਾ ਤਸ਼ੱਦਦ ਢਾਹੇ ਜਾਣ ’ਤੇ ਮੂਕ ਦਰਸ਼ਕ ਬਣ ਕੇ ਬੈਠੇ ਸਕਦੇ ਹੋ। ਉਨ੍ਹਾਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਸੂਬੇ ਦੇ ਨੌਜਵਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਡਟੋ ਅਤੇ ਮੁੰਡੀ ਸਿਧਾਣਾ ਨੁੰ ਅਗਵਾ ਕਰ ਉਸ ’ਤੇ ਤਸ਼ੱਦਦ ਢਾਹੁਣ ਵਾਲੀ ਦਿੱਲੀ ਪੁਲਿਸ ਦੀ ਟੀਮ ਖਿਲਾਫ ਐਫਆਈਆਰ ਦਰਜ ਕਰੋ।