ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੰਗ ਕੀਤੀ ਕਿ ਕਾਂਗਰਸ ਸਰਕਾਰ ਵੱਲੋਂ ਮੋਟੀਆਂ ਕਮਾਈਆਂ ਕਰ ਕੇ ਕੋਰੋਨਾ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੇ ਜਾਣ ਤੇ ਵੈਕਸੀਨ ਦੀ ਬਣਾਉਟੀ ਘਾਟ ਪੈਦਾ ਕਰਕੇ ਆਮ ਆਦਮੀ ਦੀਆਂ ਜਾਨਾਂ ਨਾਲ ਖੇਡਣ ਦੇ ਮਾਮਲੇ ਦੀ ਹਾਈਕੋਰਟ ਦੀ ਨਿਗਰਾਨੀ ਹੇਠ ਜਾਂਚ ਹੋਣੀ ਚਾਹੀਦੀ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਲਈ ਆਈਆਂ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਭੇਜੇ ਜਾਣ ਦੇ ਮਾਮਲੇ ਲਈ ਸਿਹਤ ਮੰਤਰੀ ਬਲਬੀਰ ਸਿੱਧੂ ਦੇ ਖਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਆਪਣੇ ਆਪ ਵਿਚ ਇਕ ਵੱਡਾ ਘੁਟਾਲਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਸ ਘਪਲੇ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਮੰਗ ਕੀਤੀ ਸੀ ਕਿ ਸਭ ਨੂੰ ਕੋਰੋਨਾ ਵੈਕਸੀਨ ਮੁਫਤ ਲਗਣੀ ਚਾਹੀਦੀ ਹੈ। ਉਨ੍ਹਾੰ ਕਿਹਾ ਕਿ ਹੁਣ ਰਾਹੁਲ ਗਾਂਧੀ ਲੋਕਾਂ ਨੂੰ ਦੱਸਣ ਕਿ ਕੀ ਉਹ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਨੂੰ 1560 ਰੁਪਏ ਪ੍ਰਤੀ ਵੈਕਸੀਨ ਡੋਜ਼ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਹਮਾਇਤ ਕਰਦੇ ਹਨ?
ਉਹਨਾਂ ਨੇ ਸੂਬੇ ਦੇ ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਲੋਕਾਂ ਨੁੰ ਵਧੇ ਹੋਏ ਰੇਟਾਂ ’ਤੇ ਦੋ ਪ੍ਰਾਈਵੇਟ ਹਸਪਤਾਲਾਂ ਵਿਚ ਵੈਕਸੀਨ ਲਗਵਾਉਣ ਲਈ ਟਵੀਟ ਕਰਕੇ ਇਨ੍ਹਾਂ ਪ੍ਰਾਈਵੇਟ ਹਸਪਤਾਲਾਂ ਦੇ ਮਾਰਕੀਟਿੰਗ ਡਾਇਰੈਕਟਰ ਦੀ ਭੂਮਿਕਾ ਵਿੱਚ ਆਉਣ ਦੀ ਵੀ ਨਿਖੇਧੀ ਕੀਤੀ।
ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਮ ਆਦਮੀ ਦੇ ਖਿਲਾਫ ਇਹ ਵਿਤਕਰਾ ਤੁਰੰਤ ਬੰਦ ਕਰੇ। ਉਨ੍ਹਾਂ ਕਿਹਾ ਕਿ ਜੇਕਰ ਵੈਕਸੀਨ ਵੰਡ ਦਾ ਇਹ ਨਿਗਮੀਕਰਨ ਬੰਦ ਨਾ ਕੀਤਾ ਤਾਂ ਫਿਰ ਅਕਾਲੀ ਦਲ ਇਨਸਾਫ ਲੈਣ ਵਾਸਤੇ ਅਦਾਲਤ ਦਾ ਬੂਹਾ ਖੜਕਾਏਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ ਇਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਜਿਨ੍ਹਾਂ ਨੇ ਗਰੀਬ ਤੇ ਦਬੇ ਕੁਚਲੇ ਲੋਕਾਂ ਦੀ ਜਾਨ ਖ਼ਤਰੇ ਵਿਚ ਪਾਈ, ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣਗੀਆਂ।
ਇਸ ਸਾਰੇ ਘਪਲੇ ਨੂੰ ਬੇਨਕਾਬ ਕਰ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਵੈਕਸੀਨ ਨਹੀਂ ਮਿਲ ਰਹੀ ਪਰ ਇਹ ਆਮ ਆਦਮੀ ਨੂੰ ਮੁਫਤ ਦੇਣ ਦੀ ਥਾਂ ’ਤੇ ਪ੍ਰਾਈਵੇਟ ਹਸਪਤਾਲਾਂ ਨੂੰ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵੈਕਸੀਨ ਦੀ ਡੋਜ਼ ਜੋ 400 ਰੁਪਏ ਵਿਚ ਪੈਂਦੀ ਹੈ, ਉਹ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਵਿਚ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲ ਇਹ ਡੋਜ਼ 1560 ਰੁਪਏ ਵਿਚ ਵੇਚ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਡੋਜ਼ ਪਰਿਵਾਰ ਨੂੰ ਲਗਵਾਉਣ ’ਤੇ 6 ਤੋਂ 9 ਹਜ਼ਾਰ ਰੁਪਏ ਦਾ ਖਰਚਾ ਆ ਰਿਹਾ ਹੈ। ਇਕੱਲੇ ਮੁਹਾਲੀ ਵਿਚ ਹੀ ਪ੍ਰਾਈਵੇਟ ਸੰਸਥਾਵਾਂ ਨੂੰ ਇਕ ਦਿਨ ਵਿਚ 35000 ਡੋਜ਼ ਵੇਚ ਕੇ ਰੋਜ਼ਾਨਾ 2 ਕਰੋੜ ਰੁਪਏ ਮੁਨਾਫਾ ਕਮਾਇਆ ਜਾ ਰਿਹਾ ਹੈ।
ਸਰਦਾਰ ਬਾਦਲ ਨੈ ਕਿਹਾ ਕਿ ਕਾਂਗਰਸ ਸਰਕਾਰ ਵੈਕਸੀਨ ਦੀ ਵਿਕਰੀ ਤੋਂ ਮੁਨਾਫਾ ਕਮਾਉਣ ਕਰ ਕੇ ਇਖਲਾਕੀ ਤੌਰ ’ਤੇ ਗਲਤ ਹੈ। ਉਨ੍ਹਾੰ ਕਿਹਾ ਕਿ ਸਰਕਾਰ ਲੋਕਾਂ ਨੂੰ ਵੀ ਸਜ਼ਾਵਾਂ ਦੇ ਰਹੀ ਹੈ ਤੇ ਆਰਥਿਕ ਸੰਕਟ ਵੇਲੇ ਲੋਕਾਂ ਨੂੰ ਪ੍ਰਤੀ ਡੋਜ਼ 1560 ਰੁਪਏ ਖਰਚਣ ਵਾਸਤੇ ਮਜਬੂਰ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਵੈਕਸੀਨ ਵੰਡ ਦਾ ਨਿਗਮੀਕਰਨ ਕਰ ਕੇ ਲੋਕ ਭਲਾਈ ਦੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਇਸ ਤਰੀਕੇ ਕੋਰੋਨਾ ਵੈਕਸੀਨ ਦੇ ਕੀਤੇ ਜਾ ਰਹੇ ਸਾਰੇ ਪ੍ਰਬੰਧ ਹੀ ਬੇਨਕਾਬ ਹੋ ਗਏ ਹਨ। ਸਰਕਾਰ ਨੇ ਵੱਡੇ ਵੱਡੇ ਵਾਅਦੇ ਤਾਂ ਕੀਤੇ ਪਰ ਪੂਰਾ ਕੋਈ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਲਈ ਅਦਾਇਗੀ ਕਰਨ ਵਾਸਤੇ ਲੋਕਾਂ ਨੁੰ ਮਜਬੂਰ ਕਰਨਾ ਸਾਬਤ ਕਰਦਾ ਹੈ ਕਿ ਸਰਕਾਰ ਕਿੰਨਾ ਕੁਪ੍ਰਬੰਧ ਕਰ ਰਹੀ ਹੈ ਹਾਲਾਂਕਿ ਇਹ ਦਾਅਵਾ ਕਰ ਰਹੀ ਹੈ ਕਿ ਇਸਨੇ ਕੋਰੋਨਾ ਨਾਲ ਨਜਿੱਠਣ ਲਈ 1100 ਕਰੋੜ ਰੁਪਏ ਖਰਚ ਕੀਤੇ ਹਨ।
ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਤੇ ਦੋ ਹੋਰ ਆਪ ਵਿਧਾਇਕਾਂ ਜਗਦੇਵ ਸਿੰਘ ਕਮਾਲੂ ਤੇ ਪਿਰਮਲ ਸਿੰਘ ਵੱਲੋਂ ਕਾਂਗਰਸ ਵਿਚ ਸ਼ਾਮਲ ਹੋਣ ਦੇ ਫੈਸਲੇ ’ਤੇ ਪ੍ਰਤੀਕਰਮ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਬਿੱਲ ਥੈਲਿਓਂ ਬਾਹਰ ਆ ਗਈ ਹੈ ਤੇ ਇਹ ਸਾਬਤ ਹੋ ਗਿਆ ਹੈ ਕਿ ਆਪ ਤੇ ਕਾਂਗਰਸ ਇਕੋ ਸਿੱਕੇ ਦੇ ਦੋ ਪਹਿਲੂ ਹਨ। ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਨੇ 2017 ਦੀਆਂ ਚੋਣਾਂ ਕਾਂਗਰਸ ਛੱਡ ਕੇ ਆਪ ਦੀ ਟਿਕਟ ’ਤੇ ਲੜੀਆਂ। ਫਿਰ ਉਸ ਨੇ ਪੰਜਾਬ ਏਕਤਾ ਪਾਰਟੀ ਬਣਾ ਲਈ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਮਾਨਸ਼ਾਹੀਆ ਤੇ ਪਿਰਮਲ ਸਿੰਘ ਖਾਲਸਾ ਨੇ ਪਹਿਲਾਂ ਖਹਿਰਾ ਦੀ ਹਮਾਇਤ ਕੀਤੀ ਸੀ ਪਰ ਫਿਰ ਮਾਨਸ਼ਾਹੀਆ ਕਾਂਗਰਸ ਵਿਚ ਸ਼ਾਮਲ ਹੋ ਗਿਆ। ਹੁਣ ਇਹ ਸਾਰੇ ਕਾਂਗਰਸ ਪਾਰਟੀ ਵਿਚ ਸ਼ਾਮਲ ਹਨ ਤੇ ਸਾਬਤ ਕਰ ਰਹੇ ਹਨ ਕਿ ਆਪ ਤੇ ਕਾਂਗਰਸ ਦਾ ਪੰਜਾਬ ਵਿਚ ਲੁਕਵਾਂ ਗਠਜੋੜ ਹੈ।
ਇਹ ਵੀ ਪੜ੍ਹੋ : . ਡਾ. ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਦੇ ਪਾਰਟੀ ਬਦਲਣ ‘ਤੇ ਪੰਜਾਬੀਆਂ ਨੂੰ ਦਿੱਤੀ ਇਹ ਸਲਾਹ
ਇਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਇੰਦਰਾ ਗਾਂਧੀ ਦੇ ਹੁਕਮਾਂ ’ਤੇ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਦੀ ਵਰ੍ਹੇਗੰਢ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਤੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਨਾ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਗਿਆ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ਾਰਾਂ ਸਰੂਪ ਹਮਲੇ ਵੇਲੇ ਅਗਨ ਭੇਂਟ ਕਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਗਾਂਧੀ ਪਰਿਵਾਰ ਨੇ ਹਮਲੇ ਨੂੰ ਜਾਇਜ਼ ਠਹਿਰਾਉਣ ਵਾਲਿਆਂ ਦੇ ਪਰਿਵਾਰਾਂ ਨੁੰ ਅਹੁਦੇ ’ਤੇ ਕੁਰਸੀਆਂ ਦੇ ਕੇ ਨਿਵਾਜਿਆ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਨੇ ਸੁਨੀਲ ਜਾਖੜ ਤੇ ਸੁਖਜਿੰਦਰ ਰੰਧਾਵਾ ਨੁੰ ਵੱਡੇ ਅਹੁਦੇ ਦਿੱਤੇ ਹਨ ਜਦਕਿ ਇਹਨਾਂ ਦੇ ਪਿਤਾ ਕ੍ਰਮਵਾਰ ਬਲਰਾਮ ਜਾਖੜ ਤੇ ਸੰਤੋਖ ਸਿੰਘ ਰੰਧਾਵਾ ਨੇ ਨਾ ਸਿਰਫ ਹਮਲੇ ਦੀ ਵਡਿਆਈ ਕੀਤੀ ਸੀ ਬਲਕਿ ਇੰਦਰਾ ਗਾਂਧੀ ਦਾ ਧੰਨਵਾਦ ਵੀ ਕੀਤਾ ਸੀ।