Sukhbir Badal lodges complaint : ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਪੁਲਿਸ ਨੂੰ ਇਕ ਸ਼ਿਕਾਇਤ ਦੇ ਕੇ ਡੇਰਾ ਸਿਰਸਾ ਦੀ ਹਮਾਇਤੀ ਵੀਰਪਾਲ ਕੌਰ ਵੱਲੋਂ ਸਿੱਖ ਗੁਰੂ ਸਾਹਿਬਾਨ ਦੀ ਬੇਅਦਬੀ ਕਰ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਸ ਖਿਲਾਫ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਸਐਸਪੀ ਦੇ ਦਫਤਰ ਪਹੁੰਚ ਕੇ ਸ਼ਿਕਾਇਤ ਦਿੱਤੀ ਅਤੇ ਵੀਰਪਾਲ ਕੌਰ ’ਤੇ ਸਿੱਖ ਭਾਈਚਾਰੇ ਦੀਆਂ ਭਾਵਨਾਂ ਨੂੰ ਠੇਸ ਪਹੁੰਚਾਉਣ ਲਈ ਧਾਰਾ 153, 153 ਏ, 153 ਬੀ, 295 ਏ ਅਤੇ 298 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਸ਼ਿਕਾਇਤ ਵਿਚ ਕਿਹਾ ਗਿਆ ਕਿ ਵੀਰਪਾਲ ਕੌਰ ਨੇ 14 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਦੇ ਨਿੱਜੀ, ਸਿਆਸੀ, ਜਨਤਕ ਤੇ ਸਮਾਜਿਕ ਜੀਵਨ ਨੂੰ ਨਿਸ਼ਾਨਾ ਬਣਾਉਂਦਿਆਂ ਉਹਨਾਂ ਖਿਲਾਫ ਅਪਮਾਨਜਨਕ ਤੇ ਕੂੜ ਪ੍ਰਚਾਰ ਨਾਲ ਭਰੇ ਦੋਸ਼ ਲਗਾਏ। ਵੀਰਪਾਲ ਕੌਰ ਨੂੰ ਇਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ ਜਿਸਦੇ ਜਵਾਬ ਵਿਚ ਉਸਨੇ ਮੰਨਿਆ ਕਿ ਉਸਦੀ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਮੁਲਾਕਾਤ ਨਹੀਂ ਹੋਈ ਤੇ ਉਸਨੂੰ ਉਹਨਾਂ ਖਿਲਾਫ ਝੂਠੇ ਦੋਸ਼ ਲਾਉਣ ਦਾ ਅਫਸੋਸ ਹੈ। ਇਸ ਨਾਲ ਸਾਬਤ ਹੋ ਚੁੱਕਾ ਹੈ ਕਿ ਵੀਰਪਾਲ ਕੌਰ ਨੇ ਪਹਿਲਾਂ ਝੂਠ ਬੋਲਿਆ ਸੀ, ਇਸ ਲਈ ਇਸਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਵਿਅਕਤੀਆਂ ਨੇ ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਉਸ ਨਾਲ ਰਲ ਕੇ ਫੌਜਦਾਰੀ ਸਾਜ਼ਿਸ਼ ਰਚੀ।
ਸ. ਬਾਦਲ ਨੇ ਸ਼ਿਕਾਇਤ ਵਿਚ ਕਿਹਾ ਕਿ ਇਹ ਸਭ ਨੂੰ ਪਤਾ ਹੈ ਕਿ ਗੁਰਮੀਤ ਰਾਮ ਰਹੀਮ ਜਬਰ ਜਨਾਹ ਦਾ ਦੋਸ਼ੀ ਹੈ ਤੇ ਉਸਨੇ ਔਰਤਾਂ ‘ਤੇ ਅਤਿਆਚਾਰ ਕੀਤੇ ਹਨ। ਵੀਰਪਾਲ ਨੇ ਡੇਰਾ ਸਿਰਸਾ ਮੁਖੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਤੁਲਨਾ ਕੀਤੀ ਹੈ, ਜੋਕਿ ਨਿੰਦਣਯੋਗ ਹੈ। ਇਹ ਸ਼ਿਕਾਇਤ ਖੇਤਰ ਅਧਿਕਾਰੀ ਮੁਤਾਬਕ ਚੰਡੀਗੜ੍ਹ ਵਿਚ ਦਾਇਰ ਕੀਤੀ ਗਈ ਹੈ ਕਿਉਂਕਿ ਅਕਾਲੀ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਚਰਨਜੀਤ ਸਿੰਘ ਬਰਾੜ ਤੇ ਸਰਬਜੋਤ ਸਿੰਘ ਸਾਬੀ ਵੀ ਮੌਜੂਦ ਸਨ।