Sukhbir Badal Visits Fazilka : ਫਾਜ਼ਿਲਕਾ (ਸੁਨੀਲ ਨਾਗਾਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਅਨਾਜ ਮੰਡੀ ਦੇ ਕਾਰਟਨ ਯਾਰਡ ਵਿਖੇ ਪਹੁੰਚੇ ਸੁਖਬੀਰ ਸਿੰਘ ਬਾਦਲ ਕਿਸਾਨਾਂ ਨੂੰ ਮਿਲੇ ਅਤੇ ਸਰਕਾਰ ਨੂੰ ਕਿਸਾਨਾਂ ਦੀਆਂ ਸਮੱਸਿਆਂ ਦੇ ਹੱਲ ਲਈ ਸੰਘਰਸ਼ ਦੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸੂਬੇ ਦੀਆਂ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਦੇ ਹਾਲਾਤਾਂ ਦਾ ਪਤਾ ਕਰਨਗੇ।
ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀ ਫ਼ਸਲ ਦੀ ਖਰੀਦ ਕੀਤੀ ਜਾਵੇ ਅਤੇ ਕਿਸਾਨਾਂ ਦੀ ਫਸਲ ਨੂੰ ਬਣਦੀ ਕੀਮਤ ‘ਤੇ ਖਰੀਦਿਆ ਜਾਵੇ, ਨਹੀਂ ਤਾਂ ਅਕਾਲੀ ਦਲ ਆਪਣਾ ਗੁੱਸਾ ਜ਼ਾਹਰ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੋਮਵਾਰ ਨੂੰ ਅਕਾਲੀ ਦਲ ਦੇ ਅਧਿਕਾਰੀ ਸਾਰੀਆਂ ਅਨਾਜ ਮੰਡੀਆਂ ਦਾ ਦੌਰਾ ਕਰਨਗੇ ਅਤੇ ਕਿਸਾਨਾਂ ਦੇ ਹਾਲਾਤ ਜਾਣਨਗੇ ਕਿ ਕਿਸਾਨਾਂ ਦਾ ਧਿਆਨ ਰੱਖਿਆ ਜਾ ਰਿਹਾ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਭਾਵੇਂ ਤਿੰਨ ਆਰਡੀਨੈਂਸ ਲਾਗੂ ਕਰਨ ’ਤੇ ਸਰਕਾਰ ਕਹਿ ਰਹੀ ਹੈ ਕਿ ਐੱਮਐਸਪੀ ਐਲਾਨਿਆ ਜਾਵੇਗਾ ਪਰ ਜੇਕਰ ਐਮਐਸਪੀ ’ਤੇ ਫਸਲ ਖਰੀਦੀ ਹੀ ਨਹੀਂ ਜਾਏਗੀ ਤਾਂ ਉਸ ਦਾ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਦੇਖਣ ਵਿੱਚ ਇਹੀ ਆਇਆ ਹੈ ਕਿ ਕਿਸਾਨਾਂ ਤੋਂ ਨਰਮਾ ਤੇ ਝੋਨਾ ਐੱਮਐੱਸਪੀ ਕੀਮਤਾਂ ’ਤੇ ਨਹੀਂ ਖਰੀਦਿਆ ਜਾ ਰਿਹਾ।
ਇਸ ਦੌਰਾਨ ਉਥੇ ਦੇ ਕਿਸਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਦੱਸਿਆ ਕਿ ਉਨ੍ਹਾਂ ਦੀ ਫਸਲ ਸਰਕਾਰੀ ਭਾਅ ‘ਤੇ ਨਹੀਂ ਖਰੀਦੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਐਮਐਸਪੀ ਨਾਲੋਂ ਘੱਟ ਕੀਮਤ ਦੇ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਦੇ ਅਧਿਕਾਰੀ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦੇ।