Sukhjit Khosa has an alliance : ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਵਾਪਰੀ ਘਟਨਾ ਨੂੰ ਬੇਹੱਦ ਹੀ ਨਿੰਦਣਯੋਗ ਦੱਸਦਿਆਂ ਕਿਹਾ ਕਿ ਇਸ ਘਟਨਾ ਲਈ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਅਕਾਲੀ ਦਲ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਅੱਜ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸਾ ਵੀ ਕਾਂਗਰਸੀ ਹਨ ਅਤੇ ਨਵਜੋਤ ਸਿੰਘ ਸਿੱਧੂ ਵੀ ਕਾਂਗਰਸੀ ਹੈ। ਉਨ੍ਹਾਂ ਦੋਹਾਂ ਦੀ ਆਪਸੀ ਸਾਂਝ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਸ਼ਹਿ ਹੋਵੇ ਉਹ ਕੁਝ ਵੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਦੇ ਮੈਂਬਰਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ ਸਨ, ਉਹ ਸਹਿਨ ਕਰਦੇ ਰਹੇ। ਧਰਨੇ ਦੌਰਾਨ ਵੀ ਐਸਜੀਪੀਸੀ ਨੇ ਸਤਿਕਾਰ ਕਮੇਟੀ ਨੂੰ ਲੰਗਰ ਤੇ ਹੋਰ ਸਹੂਲਤਾਂ ਦਿੰਦੀ ਰਹੀ। ਐਸਜੀਪੀਸੀ ਖੋਸਾ ਦੀਆਂ ਹਰਕਤਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ ਸੀ। ਪਰ ਉਨ੍ਹਾਂ ਦੀਆਂ ਆਪਣੀਆਂ ਗਲਤੀਆਂ ਨਾਲ ਇਹ ਹਰਕਤਾਂ ਸਾਹਮਣੇ ਆਈਆਂ। ਹਮਲਾਵਰਾਂ ਵੱਲੋਂ ਐਸਜੀਪੀਸੀ ’ਤੇ ਮੁਕੱਦਮੇ ਦੀ ਮੰਗ ਨੂੰ ਉਨ੍ਹਾਂ ਨੇ ਬਹੁਤ ਹੀ ਨਿੰਦਾ ਯੋਗ ਦੱਸਿਆ। ਉਨ੍ਹਾਂ ਕਿਹਾ ਕਿ ਇਹ ਸਭ ਕਾਂਗਰਸ ਪਾਰਟੀ ਦੀ ਸ਼ਹਿ ’ਤੇ ਹੋ ਰਿਹਾ ਹੈ ਅਤੇ ਪਾਰਟੀ ਅਜਿਹੀ ਖੇਡ ਨਾ ਖੇਡਣ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ’ਤੇ ਸਿਆਸਤ ਕੀਤੀ ਜਾ ਰਹੀ ਹੈ। ਪੱਤਰਕਾਰਾਂ ਨਾਲ ਐਸਜੀਸੀਪੀ ਦੀ ਟਾਸਕ ਫੋਰਸ ਵੱਲੋਂ ਬਦਸਲੂਕੀ ਦੇ ਮਾਮਲੇ ’ਤੇ ਪਹਿਲਾਂ ਹਮਲਾ ਹੋਣ ’ਤੇ ਉਨ੍ਹਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਉਥੇ ਜੋ ਵੀ ਵਾਪਰਿਆ ਉਹ ਨਿੰਦਣਯੋਗ ਹੈ, ਪਰ ਇਹ ਹਾਲਾਤ ਪੈਦਾ ਕੀਤੇ ਗਏ ਸਨ। ਉਨ੍ਹਾਂ ਐਸਜੀਪੀਸੀ ਨੂੰ ਬੇਨਤੀ ਕੀਤੀ ਕਿ ਉਥੇ ਮਰਿਆਦਾ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਕੋਈ ਵੀ ਢਿੱਲ ਨਾ ਦਿੱਤੀ ਜਾਵੇ।
ਦੱਸਣਯੋਗ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕਰਦਿਆਂ ਸਤਿਕਾਰ ਕਮੇਟੀ ਵੱਲੋਂ ਐਸਜੀਪੀਸੀ ਦੇ ਦਫ਼ਤਰ ਦੇ ਬਾਹਰ 12 ਸਤੰਬਰ ਤੋਂ ਧਰਨਾ ਲਗਾਇਆ ਗਿਆ ਸੀ। ਦਰਅਸਲ ਸਿੱਖ ਜਥੇਬੰਦੀਆਂ ਇਸ ਮਾਮਲੇ ਵਿਚ ਐਜੀਪੀਸੀ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ। ਇਸੇ ਧਰਨੇ ਦੇ ਚੱਲਦਿਆਂ ਬੀਤੀ 24 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਦੀ ਸੇਵਾ ਲਈ ਗਏ ਤਾਂ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਤੇ ਸਤਿਕਾਰ ਕਮੇਟੀ ਵਿਚਾਲੇ ਝੜਪ ਹੋ ਗਈ।