Sumedh Saini gets interim bail : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਮਲਤਾਨੀ ਅਗਵਾ ਤੇ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ ਮਿਲ ਗਈ ਹੈ। 1991 ਵਿੱਚ ਜੂਨੀਅਰ ਇੰਜੀਨੀਅਰ ਦੀ ਹੱਤਿਆ ਨਾਲ ਸਬੰਧਤ ਕੇਸ ਵਿੱਚ ਵੀਰਵਾਰ ਨੂੰ ਅਦਾਲਤ ਨੇ ਡੀਜੀਪੀ ਸੈਣੀ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੈਣੀ ’ਤੇ ਇਹ ਸ਼ਰਤ ਲਗਾਈ ਹੈ ਕਿ ਸੈਣੀ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਵਿੱਚ ਸਹਿਯੋਗ ਦੇਣਗੇ। ਸੈਣੀ ਨੂੰ ਆਪਣਾ ਪਾਸਪੋਰਟ ‘ਸਰੈਂਡਰ’ ਕਰਨ ਅਤੇ ਇਸ ਮਾਮਲੇ ਦੇ ਗਵਾਹਾਂ ਤੋਂ ਦੂਰੀ ਬਣਾ ਕੇ ਰੱਖਣ ਦੀ ਹਦਾਇਤ ਵੀ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈ ਕੋਰਟ ਨੇ ਡੀਜੀਪੀ ਸੈਣੀ ਦੀ 29 ਸਾਲ ਪੁਰਾਣੇ ਕੇਸ ਵਿੱਚ ਉਸ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ ਸੀ। ਸੈਣੀ ਇਸ ਆਦੇਸ਼ ਦੇ ਵਿਰੁੱਧ ਸੁਪਰੀਮ ਕੋਰਟ ਗਏ ਸੀ। ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਆਰ. ਸੁਭਾਸ਼ ਰੈਡੀ ਅਤੇ ਜਸਟਿਸ ਐਮ.ਆਰ. ਸ਼ਾਹ ਦੇ ਬੈਂਚ ਨੇ ਡੀਜੀਪੀ ਦੀ ਅਪੀਲ ਮੰਨ ਲਈ ਅਤੇ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ। ਸੁਪਰੀਮ ਕੋਰਟ ਨੇ ਪੰਜਾਬ ਪੁਲਿਸ ਨੂੰ ਇਕ ਲੱਖ ਰੁਪਏ ਦਾ ਨਿੱਜੀ ਮੁਚਲਕਾ ਅਤੇ ਉਸੇ ਰਕਮ ਦੇ ਦੋ ਜ਼ਮਾਨਤ ਬਾਂਡ ਭਰਨ ਤੋਂ ਬਾਅਦ ਡੀਜੀਪੀ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਨਿਰਦੇਸ਼ ਦਿੱਤੇ। ਸੁਪਰੀਮ ਕੋਰਟ ਨੇ 8 ਸਤੰਬਰ ਨੂੰ ਸੈਣੀ ਦੀਆਂ ਬਲਵੰਤ ਸਿੰਘ ਮੁਲਤਾਨੀ ਦੇ ਕਥਿਤ ਕਤਲ ਵਿੱਚ ਅਗਾਊਂ ਜ਼ਮਾਨਤ ਸਮੇਤ ਦੋ ਅਰਜ਼ੀਆਂ ਖਾਰਜ ਕਰ ਦਿੱਤੀਆਂ ਸਨ।
ਦੱਸ ਦੇਈਏ ਕਿ ਸੈਣੀ 1991 ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਉਸ ’ਤੇ ਤਸ਼ੱਦਦ ਢਾਹੁਣ ਅਤੇ ਫ਼ਿਰ ਉਸਨੂੰ ਲਾਪਤਾ ਕਰ ਦੇਣ ਦੇ ਮਾਮਲੇ ਤੋਂ ਬਾਅਦ ਹੁਣ ਇਸੇ ਸੰਬੰਧ ਵਿੱਚ ਕਤਲ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਮਈ ਵਿੱਚ ਡੀਜੀਪੀ ਸੈਣੀ ਅਤੇ ਛੇ ਹੋਰ ਵਿਅਕਤੀਆਂ ਖਿਲਾਫ ਉਸ ਦੇ ਰਿਸ਼ਤੇਦਾਰ ਪਲਵਿੰਦਰ ਸਿੰਘ ਮੁਲਤਾਨੀ, ਜੋ ਕਿ ਜਲੰਧਰ ਵਿੱਚ ਰਹਿੰਦੇ ਹਨ ਹੈ, ਦੀ ਸ਼ਿਕਾਇਤ ’ਤੇ 29 ਸਾਲ ਪਹਿਲਾਂ ਸੀਨੀਅਰ ਆਈਏਐਸ ਪੁੱਤਰ ਬਲਵੰਤ ਸਿੰਘ ਮੁਲਤਾਨੀ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ।