ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਬਾਜਵਾ ਪਰਿਵਾਰ ਦੂਸਰਿਆਂ ’ਤੇ ਚਿੱਕੜ ਸੁੱਟਣ ਦੀ ਬਜਾਏ ਸੂਬੇ ਦੇ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗੇ।
ਅੱਜ ਇੱਥੇ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਬਾਜਵਾ ਪਰਿਵਾਰ ਨੇ ਸਰਕਾਰੀ ਨੌਕਰੀ ਲੈ ਕੇ ਨਾ ਕੇਵਲ ਰਾਜ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸਗੋਂ ਉਨਾਂ ਨੇ ਆਪਣੇ ਮੁੱਖ ਮੰਤਰੀ ਅਤੇ ਆਪਣੀ ਪਾਰਟੀ ਦੀ ਸ਼ਾਖ ਨੂੰ ਵੀ ਨੁਕਸਾਨ ਪਹੁੰਚਾਇਆ ਹੈ ਅਤੇ ਆਪਣੇ ਪਿਤਾ ਦੇ ਨਾਂ ਨੂੰ ਵੀ ਵੱਟਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੀ ਨੈਤਿਕ ਅਧਾਰ ਤੇ ਨੌਕਰੀ ਛੱਡਣ ਦੀ ਬਜਾਏ ਬਾਜਵਾ ਪਰਿਵਾਰ ਦੂਸਰਿਆਂ ਤੇ ਚਿੱਕੜ ਸੁੱਟ ਕੇ ਆਪਣੀਆਂ ਗਲਤੀਆਂ ’ਤੇ ਪਰਦਾ ਪਾਉਣ ਦੀ ਕੋਸਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਿਹਤਰ ਹੋਵੇਗਾ ਅੱਜ ਵੀ ਜੇਕਰ ਉਹ ਆਪਣੀ ਗਲਤੀ ਮੰਨ ਕੇ ਜਨਤਕ ਤੌਰ ਤੇ ਰਾਜ ਦੇ ਲੋਕਾਂ ਤੋਂ ਮਾਫੀ ਮੰਗ ਲੈਣ।
ਜਾਖੜ ਨੇ ਕਿਹਾ ਕਿ ਜਿੱਥੋਂ ਤੱਕ ਅਜੈਵੀਰ ਜਾਖੜ ਦੇ ਚੇਅਰਮੈਨ ਹੋਣ ਦਾ ਸਵਾਲ ਹੈ, ਉਨਾਂ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰੀ ਖਜਾਨੇ ਤੋਂ ਇਕ ਪੈਸਾ ਵੀ ਵੇਤਨ ਦੇ ਤੌਰ ’ਤੇ ਨਹੀਂ ਲਿਆ ਹੈ ਅਤੇ ਨਾ ਹੀ ਕੋਈ ਹੋਰ ਲਾਭ ਲਿਆ ਹੈ। ਉਨ੍ਹਾਂ ਦੀ ਆਪਣੀ ਇਕ ਵਿਲੱਖਣ ਪਛਾਣ ਹੈ ਅਤੇ ਉਹ ਇੱਕਲੇ ਅਜਿਹੇ ਭਾਰਤੀ ਹਨ ਜਿਨ੍ਹਾਂ ਨੂੰ ਸੰਯੁਕਤ ਰਾਸਟਰ ਨੇ ਹੰਢਣਸਾਰ ਖੁਰਾਕ ਪ੍ਰਣਾਲੀਆਂ ਦੇ ਡਿਜ਼ਾਈਨ ਲਈ ਸਤੰਬਰ 2021 ਵਿੱਚ ਹੋਣ ਵਾਲੇ ਸੰਯੁਕਤ ਰਾਸਟਰ ਦੇ ਫੂਡ ਸਿਸਟਮਜ ਸੰਮੇਲਨ ਦਾ ਐਕਸਨ ਟ੍ਰੈਕ 2 ਦਾ ਕੋ-ਚੇਅਰਮੈਨ ਵੀ ਨਿਯੁਕਤ ਕੀਤਾ ਹੋਇਆ ਹੈ।
ਇਹ ਵੀ ਪੜ੍ਹੋ : ਕਬੀਰ ਜਯੰਤੀ ‘ਤੇ ਪੰਜਾਬ ਸਰਕਾਰ ਦਾ ਤੋਹਫਾ : ਕੈਪਟਨ ਵੱਲੋਂ ਭਗਤ ਕਬੀਰ ਚੇਅਰ ਤੇ ਭਵਨ ਲਈ 10 ਕਰੋੜ ਰੁਪਏ ਦਾ ਐਲਾਨ
ਇਸ ਤੋਂ ਇਲਾਵਾ ਅਜੈਵੀਰ ਜਾਖੜ ਇਸ ਵੇਲੇ ਵੀ ਵਰਲਡ ਇਕਨਾਮਿਕ ਫੋਰਮ ਵਿਖੇ ਫੂਡ ਸਿਸਟਮਜ ਈਨੀਸੀਏਟਿਵ ਸਟੀਵਰਡਸ਼ਿਪ ਬੋਰਡ ਦਾ ਵੀ ਮੈਂਬਰ ਹੈ। ਉਨਾਂ ਦੀ ਖੇਤੀ ਸੈਕਟਰ ਪ੍ਰਤੀ ਜਾਣਕਾਰੀ ਅਤੇ ਸਮਝ ਕਾਰਨ ਕਮਿਸ਼ਨ ਦਾ ਚੇਅਰਮੈਨ ਬਣਨ ਤੋਂ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਿੱਛਲੇ ਕਈ ਸਾਲਾਂ ਤੋਂ ਸਲਾਨਾ ਬਜਟ ਤੋਂ ਪਹਿਲਾਂ ਚਰਚਾ ਲਈ ਬੁਲਾਇਆ ਜਾਂਦਾ ਹੈ।