Surprising revelations in the murder and robbery : ਪਠਾਨਕੋਟ ਦੇ ਥਰਿਆਲ ਪਿੰਡ ਵਿੱਚ ਸੁਰੇਸ਼ ਰੈਨਾ ਦੇ ਫੁੱਫੜ ਅਤੇ ਭਰਾ ਦਾ ਕਤਲ ਅਤੇ ਲੁੱਟ ਮਾਮਲੇ ਵਿੱਚ ਦੋਸ਼ੀਆਂ ਬਾਰੇ ਵੱਡੇ ਖੁਲਾਸੇ ਹੋਏ ਹਨ, ਜੋਕਿ ਹੈਰਾਨੀਜਨਕ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਇਹ ਦੋਸ਼ੀ ਕਿਸੇ ਹਥਿਆਰ ਦਾ ਇਸਤੇਮਾਲ ਨਹੀਂ ਕਰਦੇ ਹਨ। ਲੁੱਟ ਵਿੱਚ ਕੋਈ ਉਨ੍ਹਾਂ ਅੱਗ ਰੁਕਾਵਟ ਬਣਦਾ ਹੈ ਤਾਂ ਉਹ ਲੱਕੜ ਦੇ ਡੰਡਿਆਂ ਨਾਲ ਹੀ ਸਿਰ ਅਤੇ ਉਸ ਦੇ ਜਬੜਿਆਂ ’ਤੇ ਵਾਰ ਕਰਦੇ ਹਨ। ਵਾਰਦਾਤ ਤੋਂ ਬਾਅਦ ਇਹ ਡੰਡਿਆਂ ਨੂੰ ਲੁਕਾ ਕੇ ਫਰਾਰ ਹੋ ਜਾਂਦੇ ਹਨ। ਇਹੀ ਡੰਡੇ ਹੀ ਉਨ੍ਹਾਂ ਦੇ ਹਥਿਆਰ ਹਨ। ਉਸ ਤੋਂ ਬਾਅਦ ਦੋਸ਼ੀ ਸੁੰਨਸਾਨ ਝੁੱਗੀਆਂ ਬਣਾ ਕੇ ਉਥੇ ਡੇਰਾ ਲਗਾ ਲੈਂਦੇ ਹਨ। ਫਿਰ ਕੂੜਾ ਚੁਗਣ ਦੇ ਬਹਾਨੇ ਰੇਕੀ ਕਰਦੇ ਹਨ। ਦੋਸ਼ੀ ਰੇਕੀ ਲਈ ਵਾਰਦਾਤ ਵਾਲੇ ਸਥਾਨ ਤੋਂ ਇਕ ਵਿਅਕਤੀ ਨੂੰ ਵੀ ਗੈਂਗ ਦਾ ਹਿੱਸਾ ਬਣਾਉਂਦੇ ਹਨ।
ਐੱਸਐੱਸਪੀ ਮੁਤਾਬਕ ਗ੍ਰਿਫਤਾਰ ਦੋਸ਼ੀਆਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਜਗਰਾਓਂ ਤੋਂ ਇਲਾਵਾ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਰਾਜਸਥਾਨ ਵਿੱਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਦੋਸ਼ੀ ਰਾਜਸਥਾਨ ਦੇ ਜ਼ਿਲ੍ਹਾ ਝੁੰਝਨੂ ਦੇ ਥਾਣਾ ਸੂਰਜਗੜ੍ਹ ਦੇ ਪਿੰਡ ਚਿਰਾਵਾ ਨਿਵਾਸੀ ਨੌਸੇ ਉਰਫ ਇਸਲਾਮ ਦਾ ਮਾਸਟਰ ਮਾਈਂਡ ਹੈ। ਉਸ ਦੇ ਕੋਲ ਇੱਕ ਆਟੋ ਹੈ। ਦੋਸ਼ੀ ਵਾਰਦਾਤ ਤੋਂ ਸੱਤ ਦਿਨ ਪਹਿਲਾਂ ਆਟੋ ਰਾਹੀਂ ਚੱਲੇ ਸਨ। ਸਫਰ ਦੌਰਾਨ ਇੱਕ ਦਿਨ ਜਗਰਾਓਂ ਵਿੱਚ ਬਿਤਾਇਆ ਅਤੇ ਲਗਭਗ 500 ਕਿਮੀ ਦਾ ਸਫਰ ਤੈਅ ਕਰਕੇ ਪਠਾਨਕੋਟ ਪਹੁੰਚੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀਆਂ ਵਿੱਚੋਂ ਛੇ ਲੋਕ ਉਸੇ ਆਟੋ ਵਿੱਚ ਵਾਪਿਸ ਝੁੰਝਨੂ ਪਹੁੰਚ ਗਏ। ਐੱਸਐੱਸਪੀ ਨੇ ਦੱਸਿਆ ਕਿ ਰੈਨਾ ਦੇ ਫੁੱਫਰ ਦੇ ਘਰ ਦੇ ਕੋਲ ਸ਼ਟਰਿੰਗ ਸਟੋਰ ਸੀ।
ਰੇਕੀ ਦੌਰਾਨ ਦੋਸ਼ੀਆਂ ਨੇ ਉਸ ਨੂੰ ਦੇਖ ਲਿਆ ਸੀ ਅਤੇ ਇਸੇ ਦੇ ਚੱਲਦੇ ਸ਼ਟਰਿੰਗ ਸਟੋਰ ਦੇ ਆਲੇ-ਦੁਆਲੇ ਦੇ ਤਿੰਨ ਘਰਾਂ ਦੀ ਵਾਰਦਾਤ ਲਈ ਨਿਸ਼ਾਨਦੇਹੀ ਕੀਤੀ ਸੀ। ਇਸੇ ਦੇ ਕੋਲ ਸਫੇਦੇ ਦੇ ਦਰੱਖਤ ਵੀ ਸਨ। ਉਥੋਂ ਦੋਸ਼ੀਆਂ ਨੇ ਡੰਡੇ ਕੱਟੇ ਅਤੇ ਉਸ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ। ਪੁਲਿਸ ਪੁੱਛਗਿੱਛ ਵਿੱਚ ਦੋਸ਼ੀਆਂ ਨੇ ਦੱਸਿਆ ਕਿ ਪਰਿਵਾਰ ਨੂੰ ਜ਼ਖਮੀ ਕਰਨ ਤੋਂ ਬਾਅਦ ਉਹ ਰਸੋਈ ਵਿੱਚ ਪਹੁੰਚੇ ਅਤੇ ਖਾਣਾ ਖਾਧਾ ਅਤੇ ਫਿਰ ਰਸੋਈ ਵਿੱਚ ਪਿਆ ਸਾਰਾ ਰਾਸ਼ਨ ਬੋਰੀਆਂ ਵਿੱਚ ਭਰ ਲਿਆ।