ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਖਿਲਾਫ ਰਿਸ਼ਵਤ ਮਾਮਲੇ ਵਿਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਮਾਮਲੇ ਵਿਚ ਵਿਚੌਲੀਆ ਕ੍ਰਿਸ਼ਨੂੰ ਸ਼ਾਰਦਾ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਕੁਰੱਪਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ। ਪਹਿਲਾਂ ਇਹ ਚਰਚਾ ਸੀ ਕਿ ਸੀਬੀਆਈ ਇਸ ਮਾਮਲੇ ਵਿਚ 15 ਦਸੰਬਰ ਨੂੰ ਚਾਰਜਸ਼ੀਟ ਫਾਈਲ ਕਰੇਗੀ ਪਰ ਦੂਜੇ ਪਾਸੇ ਅੱਜ ਮੁਲਜ਼ਮ DIG ਦਾ ਰਿਮਾਂਡ ਵੀ ਖਤਮ ਹੋ ਰਿਹਾ ਹੈ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੂੰ ਚਾਰਜਸ਼ੀਟ ਦੀ ਕਾਪੀ ਸੌਂਪ ਦਿੱਤੀ ਜਾਵੇਗੀ।
ਦੱਸ ਦੇਈਏ ਕਿ DIG ਨੂੰ 16 ਅਕਤੂਬਰ ਨੂੰ ਸੀਬੀਆਈ ਨੇ ਮੋਹਾਲੀ ਸਥਿਤ ਦਫਤਰ ਵਿਚ ਗ੍ਰਿਫਤਾਰ ਕੀਤਾ ਸੀ। ਪਹਿਲਾਂ ਸੀਬੀਆਈ ਨੇ ਵਿਚੌਲੀਏ ਕ੍ਰਿਸ਼ਨੂੰ ਸ਼ਾਰਦਾ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਸ ਦੇ ਬਾਅਦ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਕਾਰਵਾਈ ਕੀਤੀ ਗਈ ਸੀ। ਇਸ ਦੇ ਬਾਅਦ ਉਨ੍ਹਾਂ ਦੇ ਘਰ ‘ਤੇ ਛਾਪਾ ਮਾਰਿਆ ਗਿਆ ਜਿਥੋਂ 7 ਕਰੋੜ 50 ਲੱਖ ਰੁਪਏ, ਮਹਿੰਗੀਆਂ ਘੜੀਆਂ, ਸ਼ਰਾਬ ਤੇ ਗੱਡੀਆਂ ਦੀਆਂ ਚਾਬੀਆਂ ਬਰਾਮਦ ਹੋਈਆਂ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ DIG ਭੁੱਲਰ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ‘ਤੇ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਦਿੱਲੀ ਸਪੈਸਲ ਪੁਲਿਸ ਅਸਟੈਬਲਿਸ਼ਮੈਂਟ (DSPE) ਐਕਟ ਦੀ ਧਾਰਾ 5 ਤੇ 51 ਤਹਿਤ ਜਾਰੀ ਕਿਸੇ ਵੀ ਹੁਕਮ ਦਾ ਰਿਕਾਰਡ ਅਦਾਲਤ ਵਿਚ ਪੇਸ਼ ਕਰੇ।
ਇਹ ਵੀ ਪੜ੍ਹੋ : ‘ਬੰਦਿਆਂ ਵਾਂਗੂੰ ਕੰਮ ਕਰੋ…’, ਨਵੇਂ SDM ਨੇ ਦਫਤਰਾਂ ‘ਚ ਮਾ/ਰਿਆ ਛਾਪਾ, ਕਰਮਚਾਰੀਆਂ ਨੂੰ ਪਾਈ ਝਾ/ੜ
ਇਸ ਨਾਲ ਇਹ ਪਤਾ ਲਗਾਇਆ ਜਾ ਸਕੇਗਾ ਕਿ ਕੀ ਚੰਡੀਗੜ੍ਹ ਵਿਚ ਸੂਬੇ ਦੇ ਮੁਲਾਜ਼ਮਾਂ ‘ਤੇ ਕਾਰਵਾਈ ਕਰਨ ਲਈ ਸੀਬੀਆਈ ਨੂੰ ਕੋਈ ਵੈਧ ਅਧਿਕਾਰ ਜਾਂ ਹੁਕਮ ਦਿੱਤਾ ਗਿਆ ਸੀ। ਹਾਲਾਂਕਿ ਅਜੇ ਤੱਕ ਕੇਂਦਰ ਨੇ ਜਵਾਬ ਦਾਖਲ ਕਰਨਾ ਹੈ, ਇਸ ਤੋਂ ਪਹਿਲਾਂ ਚਾਰਜਸ਼ੀਟ ਦਾਖਲ ਹੋਈ ਹੈ।
























