ਦਸ ਦਿਨਾਂ ਬਾਅਦ ਐਕਟਿਵ ਹੋਇਆ ਮਾਨਸੂਨ ਰਾਹਤ ਲੈ ਕੇ ਆਇਆ ਹੈ। ਸ਼ਨੀਵਾਰ ਨੂੰ ਜਿਥੇ ਤਾਪਮਾਨ ਵਿੱਚ 7 ਡਿਗਰੀ ਦੀ ਗਿਰਾਵਟ ਆਈ, ਉਥੇ ਹੀ ਐਲਾਣੇ ਅਤੇ ਅਣ-ਐਲਾਣੇ ਬਿਜਲੀ ਕੱਟਾਂ ਵਿੱਚ ਵੀ ਕਮੀ ਆਈ।
ਪਾਵਰਕਾਮ ਨੂੰ ਅੰਮ੍ਰਿਤਸਰ, ਬਠਿੰਡਾ, ਫਰੀਦਕੋਟ, ਜਲੰਧਰ, ਪਟਿਆਲਾ, ਲੁਧਿਆਣਾ, ਬਠਿੰਡਾ ਅਤੇ ਕਪੂਰਥਲਾ ਸਮੇਤ 9 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਾਰਨ ਚੈਨ ਦਾ ਸਾਹ ਆਇਆ। ਪਾਣੀ ਦੀ ਘਾਟ ਕਾਰਨ ਬੰਦ ਹੋਏ ਰਣਜੀਤ ਸਾਗਰ ਡੈਮ (ਆਰਐਸਡੀ) ਦਾ 150 ਮੈਗਾਵਾਟ ਦਾ ਯੂਨਿਟ ਸ਼ਨੀਵਾਰ ਨੂੰ ਚਾਲੂ ਹੋ ਗਿਆ।
ਬਿਜਲੀ ਦੀ ਮੰਗ ਅਤੇ ਸਪਲਾਈ ਦੇ ਵਿਚ ਅਜੇ ਤਕਰੀਬਨ 2000 ਮੈਗਾਵਾਟ ਦਾ ਪਾੜਾ ਹੈ। ਸ਼ਨੀਵਾਰ ਨੂੰ ਪਾਵਰਕਾਮ ਨੇ ਐਕਸਚੇਂਜ ਤੋਂ 7948 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ। ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਅਤੇ ਮੀਂਹ ਦੇ ਬਾਵਜੂਦ ਬਿਜਲੀ ਦੀ ਮੰਗ 12151 ਮੈਗਾਵਾਟ ਹੈ। ਪਾਵਰਕਾਮ ਨੇ ਵੱਡੇ ਉਦਯੋਗਾਂ ਨੂੰ ਫਿਲਹਾਲ 10 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਹੈ। ਬਿਜਲੀ ਦੀ ਡਿਮਾਂਡ ਘੱਟ ਹੋਣ ‘ਤੇ ਇੰਡਸਟਰੀਆਂ ਨੂੰ ਰਾਹਤ ਮਿਲ ਸਕੇਗੀ।
ਤਲਵੰਡੀ ਸਾਬੇ ਯੂਨਿਟ ਦੇ ਕੱਲ੍ਹ ਤੋਂ ਚੱਲਣ ਦੀ ਉਮੀਦ ਹੈ
ਤਲਵੰਡੀ ਸਾਬੇ ਥਰਮਲ ਪਲਾਂਟ ਦੀ ਯੂਨਿਟ-1 ਸੋਮਵਾਰ ਤੋਂ ਸ਼ੁਰੂ ਹੋ ਸਕਦੀ ਹੈ। ਯੂਨਿਟ ਵਿਚਲੇ ਨੁਕਸ ਨੂੰ ਦੂਰ ਕਰਨ ਵਿਚ ਲੱਗੇ ਇੰਜੀਨੀਅਰਾਂ ਦਾ ਕਹਿਣਾ ਹੈ ਕਿ ਇਕ-ਦੋ ਦਿਨਾਂ ਵਿਚ ਇਸ ਯੂਨਿਟ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਭਾਜਪਾ ਤੋਂ ਕੱਢੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਪਾਰਟੀ ਨੂੰ ‘ਧੰਨਵਾਦ’ ਕਹਿੰਦਿਆਂ ਕਹੀ ਇਹ ਗੱਲ
ਸ਼ਨੀਵਾਰ ਨੂੰ ਸੂਬੇ ਵਿਚ ਬਿਜਲੀ ਦੀਆਂ 46,509 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਸ਼ਾਮ 6.30 ਵਜੇ ਤੱਕ 15447 ਸ਼ਿਕਾਇਤਾਂ ਪੈਂਡਿੰਗ ਸਨ। ਬਿਜਲੀ ਕੱਟ ਤੋਂ ਨਾਰਾਜ਼, ਫੈਕਟਰੀ ਚਾਲਕਾਂ ਨੇ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜ ਕੇ ਪ੍ਰਦਰਸ਼ਨ ਕੀਤਾ।