The accused arrested will undergo Corona : ਮੋਹਾਲੀ ਵਿਖੇ ਕੋਵਿਡ-19 ਦੇ ਵਧਦੇ ਖਤਰੇ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਾਜ਼ਮਾਂ ਨੂੰ ਇਸ ਵਾਇਰਸ ਤੋਂ ਬਚਾਅ ਪੱਖੋਂ ਇਕ ਨਵਾਂ ਕਦਮ ਚੁੱਕਿਆ ਗਿਆ ਹੈ, ਜਿਸ ਅਧੀਨ ਹੁਣ ਪੁਲਿਸ ਵੱਲੋਂ ਫੜੇ ਗਏ ਕਿਸੇ ਵੀ ਮੁਲਜ਼ਮ ਦਾ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਉਸ ਨੂੰ ਜੇਲ ਭੇਜਿਆ ਜਾਵੇਗਾ। ਮੁਲਜ਼ਮਾਂ ਨੂੰ ਜੇਲ ਵਿਚ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਂਦਾ ਹੈ, ਉਸੇ ਦੌਰਾਨ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਕਰਵਾਇਆ ਜਾਵੇਗਾ।
ਇਸ ਬਾਰੇ ਜਾਣਕਾਰੀ ਦਿੰਦਿਆਂ ਦੇ ਮੋਹਾਲੀ ਦੇ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਨੇ ਕਿਹਾ ਕਿ ਕੈਦੀਆਂ ਨੂੰ ਜੇਲ ਵਿਚ ਭੇਜਣ ਤੋਂ ਪਹਿਲਾਂ ਉਨ੍ਹਾਂ ਦਾ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਇਸ ਟੈਸਟ ਦੀ ਰਿਪੋਰਟ ਆਉਣ ਤੱਕ ਵੱਖਰੇ ਹੀ ਰਖਿਆ ਜਾਵੇਗਾ। ਇਸ ਤੋਂ ਇਲਾਵਾ ਮੁਲਜ਼ਮ ਨੂੰ ਫੜਣ ਵਾਲੇ ਪੁਲਿਸ ਮੁਲਾਜ਼ਮ ਵੀ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਉਹ ਮੁਲਜ਼ਮ ਤੋਂ ਦੂਰੀ ਬਣਾ ਕੇ ਰਖਣ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਦੇ ਪੁਲਿਸ ਵੱਲੋਂ ਫੜੇ ਜਾਣ ’ਤੇ ਉਨ੍ਹਾਂ ਵੱਲੋਂ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਫਿਰ ਉਨ੍ਹਾਂ ਦੀ ਟੀਮ ਮੁਲਜ਼ਮ ਨੂੰ ਟੈਸਟ ਲਈ ਹਸਪਤਾਲ ਲਿਆਇਆ ਜਾਂਦਾ ਹੈ ਅਤੇ ਉਸ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਜਾਂਦੇ ਹਨ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਵਿਚ ਪੁੱਛ-ਗਿੱਛ ਲਈ ਲਿਆਏ ਗਏ ਇਕ ਗੈਂਗਸਟਰ ਦਾ ਬਾਅਦ ਵਿਚ ਕੋਰੋਨਾ ਟੈਸਟ ਕਰਵਾਏ ਜਾਣ ’ਤੇ ਉਹ ਪਾਜ਼ੀਟਿਵ ਨਿਕਲਿਆ ਸੀ, ਜਿਸ ਤੋਂ ਬਾਅਦ ਉਸ ਦੇ ਸੰਪਾਰਕ ਵਿਚ ਆਏ ਜ਼ਿਲੇ ਦੇ 9 ਪੁਲਿਸ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਸੀ। ਇਸੇ ਦੇ ਮੱਦੇਨਜ਼ਰ ਕੋਰੋਨਾ ਮੋਹਾਲੀ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।