The administration has asked : ਲੌਕਡਾਊਨ/ ਕਰਫਿਊ ਦੌਰਾਨ ਜਲੰਧਰ ਵਿਚ ਫਸੇ ਦੂਸਰੇ ਸੂਬਿਆਂ ਦੇ ਲੋਕਾਂ ਨੂੰ ਉਨ੍ਹਾਂ ਦੇ ਸੂਬਿਆਂ ਤੱਕ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ, ਜਿਸ ਵਿਚ ਉਨ੍ਹਾਂ ਨੂੰ ਆਨਲਾਈਨ ਫਾਰਮ ਭਰ ਕੇ ਆਪਣਾ ਪੂਰਾ ਵੇਰਵਾ ਦੇਣਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਉਨ੍ਹਾਂ ਲੋਕਾਂ ਦੀ ਪੂਰੀ ਜਾਣਕਾਰੀ ਪ੍ਰਸ਼ਾਸਨ ਦੇ ਕੋਲ ਪਹੁੰਚ ਜਾਵੇਗੀ ਕਿ ਉਹ ਕਿਹੜੀ ਜਗ੍ਹਾ ’ਤੇ ਰਹਿ ਰਹੇ ਹਨ ਤੇ ਕਿੱਥੇ ਜਾਣਾ ਚਾਹੁੰਦੇ ਹਨ। ਇਸ ਤੋਂ ਬਾਅਦ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਬੱਸਾਂ ਦਾ ਪ੍ਰਬੰਧ ਹੋਣ ’ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਵੱਲੋਂ ਦਿੱਤੇ ਵੇਰਵਿਆਂ ਦੇ ਆਧਾਰ ’ਤੇ ਉਨ੍ਹਾਂ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਦੱਸਿਆ ਦਿੱਤਾ ਗਿਆ ਹੈ ਕਿ ਕਰਫਿਊ ਕਾਰਨ ਪੰਜਾਬ ਵਿਚ ਫਸੇ ਵਿਅਕਤੀਆਂ ਨੂੰ ਆਪੋ-ਆਪਣੇ ਸੂਬਿਆਂ ਵਿਚ ਵਾਪਸ ਜਾਣ ਦੀ ਪ੍ਰਕਿਰਿਆ ਪੰਜ ਮਈ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਦੇ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ (ਐਸਓਪੀ) ਸ਼ੁਰੂ ਕੀਤਾ ਗਿਆ ਹੈ। ਦੂਜੇ ਸੂਬਿਆਂ ਵਿਚ ਜਾਣ ਲਈ ਆਵਾਜਾਈ ਦੇ ਸਾਧਨ ਬਾਰੇ ਜਾਣਕਾਰੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਜਾਵੇਗੀ। ਜਾਣ ਤੋਂ ਪਹਿਲਾਂ ਵਿਅਕਤੀ ਦੀ ਸਿਹਤ ਦੀ ਜਾਂਚ ਹੋਵੇਗੀ ਅਤੇ ਕੋਰੋਨਾ ਵਾਇਰਸ ਦਾ ਲੱਛਣ ਨਾ ਮਿਲਣ ’ਤੇ ਵਿਅਕਤੀ ਨੂੰ ਫਾਰਮ ਐਫ ਵਜੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।
ਇਥੇ ਦੱਸ ਦੇਈਏ ਕਿ ਦੂਸਰੇ ਸੂਬਿਆਂ ਦੇ ਰਹਿਣ ਵਾਲੇ ਲੋਕ ਇਸ ਲਿੰਕ http://www.covidhelp.punjab.gov.in/PunjabOutRegistration.aspx ’ਤੇ ਜਾ ਕੇ ਆਨਲਾਈਨ ਫਾਰਮ ਭਰ ਕੇ ਆਪਣਾ ਵੇਰਵਾ ਜ਼ਿਲਾ ਪ੍ਰਸ਼ਾਸਨ ਨੂੰ ਦੇ ਸਕਦੇ ਹਨ। ਇਸ ਵਿਚ ਉਨ੍ਹਾਂ ਦਾ ਨਾਂ ਤੇ ਪੂਰਾ ਪਤਾ, ਜਿਥੇ ਉਹ ਰਹਿ ਰਹੇ ਹਨ ਅਤੇ ਜਿਥੇ ਜਾਣਾ ਚਾਹੁੰਦੇ ਹਨ, ਸਬੰਧੀ ਪੂਰਾ ਵੇਰਵਾ, ਸਬੰਧਤ ਪੁਲਿਸ ਸਟੇਸ਼ਨ ਦਾ ਨਾਂ, ਮੋਬਾਈਲ ਨੰਬਰ, ਆਧਾਰ ਨੰਬਰ ਤੇ ਹੋਰ ਜਾਣਕਾਰੀ ਭਰਨੀ ਹੋਵੇਗੀ। ਇਸ ਸਬੰਧੀ ਜਲੰਧਰ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰੋਫਾਰਮਾ ਪੰਜਾਬ ਤੋਂ ਬਾਹਰ ਜਾਣ ਵਾਲੇ ਪਰਿਵਾਰ/ਸਮੂਹ ਵਲੋਂ 3 ਮਈ ਦੀ ਸਵੇਰ ਤੱਕ ਭਰਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਸ਼ੇਸ਼ ਆਈ.ਡੀ. ਅਲਾਟ ਕੀਤੀ ਜਾਵੇਗੀ। ਸਿਹਤ ਵਿਭਾਗ ਵਲੋਂ ਉਨ੍ਹਾਂ ਦੀ 4 ਮਈ ਦੀ ਸ਼ਾਮ ਤੱਕ ਸਿਹਤ ਜਾਂਚ ਨੂੰ ਮੁਕੰਮਲ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਲੱਗੇ ਲੌਕਡਾਊਨ ਕਾਰਨ ਪੜ੍ਹਾਈ ਜਾਂ ਫਿਰ ਕੰਮਕਾਰ ਕਰਕੇ ਵੱਡੀ ਗਿਣਤੀ ’ਚ ਲੋਕ ਵੱਖ-ਵੱਖ ਸੂਬਿਆਂ ਵਿਚ ਫਸੇ ਹੋਏ ਹਨ ਅਤੇ ਹੁਣ ਸਰਕਾਰ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।