The family members of the girls : ਮੋਗਾ ਦੇ ਪਿੰਡ ਸ਼ੇਖਾ ਖੁਰਦ ਵਿੱਚ ਸਰਪੰਚ ਦੇ ਪੁੱਤਰ ਵੱਲੋਂ ਦੋ ਕੁੜੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਤੋਂ ਬਾਅਦ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਨੇ ਗੁੱਸੇ ਵਿੱਚ ਉਦੋਂ ਤੱਕ ਕੁੜੀਆਂ ਦਾ ਅੰਤਿਮ ਸਸਕਾਰ ਕਰਨ ਤੋਂ ਨਾਂਹ ਕਰ ਦਿੱਤੀ ਜਦੋਂ ਤੱਕ ਕਾਤਲ ਦੇ ਪਿਤਾ ਸਰਪੰਚ ਨੂੰ ਵੀ ਗ੍ਰਿਫਤਾਰ ਨਹੀਂ ਕਰ ਲਿਆ ਜਾਂਦਾ।

ਦੱਸਣਯੋਗ ਹੈ ਕਿ ਬੀਤੀ ਰਾਤ ਦੋਹਾਂ ਕੁੜੀਆਂ ਦੀਆਂ ਲਾਸ਼ਾਂ ਰਾਤ ਲਗਭਗ 8 ਵਜੇ ਪੁਲਿਸ ਲੈ ਕੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਪਹੁੰਚਾਈਆਂ। ਪਰ ਉੱਥੇ ਮੌਜੂਦ ਪਰਿਵਾਰ ਵਾਲਿਆਂ ਅਤੇ ਵੱਡੀ ਗਿਣਤੀ ਵਿੱਚ ਜੁੜੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਦੋਸ਼ੀ ਗੁਰਵੀਰ ਸਿੰਘ ਦੇ ਪਿਤਾ ਸਰਪੰਚ ਗੁਰਦੇਵ ਸਿੰਘ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ ਉਹ ਕੁੜੀਆਂ ਦਾ ਅੰਤਿਮ ਸਸਕਾਰ ਨਹੀਂ ਕਰਨਗੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂਕੋ ਗਿੱਲ ਦੇ ਬੱਸ ਅੱਡੇ ’ਤੇ ਪਿੰਡ ਸੇਖਾਂ ਖੁਰਦ ਦੇ ਸਰਪੰਚ ਦੇ ਪੁੱਤਰ ਨੇ ਆਪਣੀ ਕਥਿਤ ਪ੍ਰੇਮਿਕਾ ਅਤੇ ਉਸ ਦੀ ਸਹੇਲੀ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਇਕ ਕੁੜੀ ਨੇ ਹਸਪਤਾਲ ਲਿਜਾਂਦੇ ਸਮੇਂ ਰਾਹ ਵਿੱਚ ਦਮ ਤੋੜ ਦਿੱਤਾ, ਜਦਕਿ ਦੂਜੀ ਦੀ ਬੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਗੁਰਮੀਤ ਨੂੰ ਬੀਤੀ ਰਾਤ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਸੀ। ਕਤਲ ਕਰਨ ਤੋਂ ਬਾਅਦ ਉਹ ਲੁਧਿਆਣਾ ਭੱਜ ਗਿਆ ਸੀ।






















