ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਪੰਜਾਬ ਸਰਕਾਰ ‘ਤੇ ਸਿਆਸਤ ਕਰਨ ਦਾ ਦੋਸ਼ ਲਾਇਆ ਅਤੇ ਐਸਆਈਟੀ ਵਿੱਚ ਨਵਾਂ ਮੈਂਬਰ ਸ਼ਾਮਲ ਕਰਨ ‘ਤੇ ਸਵਾਲ ਚੁੱਕੇ।
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਸਿਆਸੀ ਰੋਟੀਆਂ ਸੇਕਣ ਲਈ ਹੁਣ ਤੱਕ SIT ਬਣਾਈ ਗਈ, ਜਿਸ ਦਾ ਮਕਸਦ ਸਿਆਸੀ ਫਾਇਦਾ ਲੈਣਾ ਅਤੇ ਵਿਰੋਧੀ ਧਿਰ ਨੂੰ ਬਦਨਾਮ ਕਰਨਾ ਸੀ। ਹਾਈ ਕੋਰਟ ਨੇ ਫੈਸਲਾ ਸੁਣਾਇਆ ਤਾਂ ਸੱਚ ਸਾਹਮਣੇ ਇਹ ਸੱਚ ਆਇਆ ਕਿ ਬੇਅਦਬੀ ਦਾ ਮਾਮਲਾ ਗੰਭੀਰ ਹੈ ਤੇ ਇਸ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਅਕਾਲੀ ਦਲ ਹਮੇਸ਼ਾ ਇਹ ਸੋਚ ਰਹੀ ਹੈ ਕਿ ਜਿਹੜੀ ਵੀ SIT ਬਣੇ ਉਸ ਵਿੱਚ ਸਹਿਯੋਗ ਕੀਤਾ ਜਾਵੇ ਕਿਉਂਕਿ ਅਸੀਂ ਹਮੇਸ਼ਾ ਚਾਹੁੰਦੇ ਸੀ ਕਿ ਸੱਚ ਸਾਹਮਣੇ ਆਏ।
ਹੁਣ ਜਿਹੜੀ ਨਵੀਂ SIT ਬਣਾਈ ਗਈ ਹੈ, ਅਫਸੋਸ ਵਾਲੀ ਗੱਲ ਹੈ ਕਿ ਉਸ ਵਿਚ ਵੀ ਹਾਈ ਕੋਰਟ ਦੀਆਂ ਹਦਾਇਤਾਂ ਦੇ ਬਾਵਜੂਦ ਕੈਪਟਨ ਸਿਆਸਤ ਕਰ ਰਹੇ ਹਨ। ਇਸ SIT ਦੇ ਮੈਂਬਰਾਂ ਨੂੰ ਦਿੱਤੀ ਗਈ ਰਾਤੋ-ਰਾਤ ਤਰੱਕੀ ਤੋਂ ਇਹ ਸਪੱਸ਼ਟ ਹੋ ਰਿਹਾ ਹੈ। ਹਾਈ ਕੋਰਟ ਨੇ ਕਿਹਾ ਸੀ ਕਿ ਕੋਈ ਚੌਥਾ ਵਿਅਕਤੀ ਇਸ ਵਿਚ ਸ਼ਾਮਲ ਨਹੀਂ ਹੋ ਸਕਦਾ, ਪਰ ਅਜਿਹਾ ਹੋਇਆ।
SIT ਦੀ ਰਿਪੋਰਟਿੰਗ ਤੇ ਇਸ ਦੇ ਮੈਂਬਰ ਸਿੱਧੇ ਤੌਰ ’ਤੇ ਕੈਪਟਨ ਨੂੰ ਰਿਪੋਰਟ ਕਰਨਗੇ ਤੇ ਉਨ੍ਹਾਂ ਦੇ ਹੁਕਮਾਂ ’ਤੇ ਚੱਲਣਗੇ ਤਾਂ ਨਿਰਪੱਖ ਜਾਂਚ ਨਹੀਂ ਹੋ ਸਕਦੀ। ਇਨ੍ਹਾਂ ਸੰਸਥਾਵਾਂ ਨੂੰ ਸਿਆਸਤ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ। ਦੋਸ਼ੀਆਂ ਦੇ ਸਜ਼ਾ ਮਿਲੇ ਇਹ ਸਾਡਾ ਮਕਸਦ ਹੈ।
ਉਥੇ ਹੀ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਪਹਿਲੀ ਐਸਆਈਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦਾ ਜਿਹੜਾ ਸਿਆਸੀ ਏਜੰਡਾ ਚੱਲ ਰਿਹਾ ਹੈ ਉਹ ਵੀ ਸੱਚ ਹੋ ਗਿਆ ਹੈ। ਗਰੇਵਾਲ ਨੇ ਕਿਹਾ ਕਿ ਜਿਹੜੇ ਤੱਥ ਰਿਕਾਰਡ ਹੋਏ ਹਨ, ਉਸ ਮੁਤਾਬਕ ਐਸਡੀਐਮ ਦੇ ਹੁਕਮਾਂ ‘ਤੇ ਫਾਇਰਿੰਗ ਹੋਈ ਸੀ। ਇਸ ਦੇ ਬਾਵਜੂਦ ਇਸ ਨੂੰ ਸਿਆਸੀ ਏਜੰਡਾ ਬਣਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਖਿਡਾਰੀਆਂ ਦੀ ਵੱਡੀ ਪ੍ਰਾਪਤੀ- ਸ੍ਰੀ ਮੁਕਤਸਰ ਸਾਹਿਬ ਦੀ ਕਮਲਪ੍ਰੀਤ ਤੇ ਮੋਗਾ ਦਾ ਤਜਿੰਦਰਪਾਲ ਟੋਕਿਓ ਓਲੰਪਿਕਸ ਲਈ ਹੋਏ ਕੁਆਲੀਫਾਈ
ਇਸ ਬਾਰੇ ਪਹਿਲਾਂ ਐਸਡੀਐਮ ਤੋਂ ਪੁੱਛ-ਗਿੱਛ ਕੀਤੀ ਜਾਣੀ ਚਾਹੀਦੀ ਸੀ, ਪਰ ਇਥੇ ਸਾਬਕਾ ਮੁੱਖ ਮੰਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਹਾਈਕੋਰਟ ਨੇ ਵੀ ਇਹ ਕਿਹਾ ਸੀ ਕਿ ਉਸ ਵੇਲੇ ਦੇ ਮੁੱਖ ਮੰਤਰੀ ਜੇਕਰ ਡੀਜੀਪੀ ਨੂੰ ਫੋਨ ਕਰਦੇ ਹਨ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਵਿਜੇ ਸਿੰਗਲਾ ਨੂੰ SIT ਵਿੱਚ ਸ਼ਾਮਲ ਕਰਵਾਇਆ ਤਾਂ ਇਸ ਦੇ ਲਈ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਨੂੰ ਕਿਸ ਆਧਾਰ ‘ਤੇ ਸ਼ਾਮਲ ਕੀਤਾ ਗਿਆ।