The villagers attacked : ਮੋਗਾ : ਧਰਮਕੋਟ ਦੇ ਪਿੰਡ ਕੋਕਰੀ ਬੁੱਟਰ ‘ਚ ਕੋਰੋਨਾ ਪੀੜਤ ਔਰਤ ਦੀ ਮੌਤ ਹੋ ਗਈ। ਸਰਕਾਰੀ ਨਿਯਮਾਂ ਮੁਤਾਬਕ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਪੁੱਜੀ ਮੈਡੀਕਲ ਟੀਮ ‘ਤੇ ਪਿੰਡ ਵਾਲਿਆਂ ਨੇ ਹਮਲਾ ਕਰ ਦਿੱਤਾ। ਲੋਕਾਂ ਨੇ ਟੀਮ ਨੂੰ ਗੱਡੀ ਸਮੇਤ ਸਾੜਨ ਦੀ ਧਮਕੀ ਦੇਣ ‘ਤੇ ਗੱਡੀ ਦੇ ਡਰਾਈਵਰ ਵੱਲੋਂ ਗੱਡੀ ਭਜਾਉਣ ‘ਤੇ ਸਾਰਿਆਂ ਦੀ ਜਾਣ ਬਚੀ। ਐੱਸ. ਡੀ. ਐੱਮ. ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ।
ਘਟਨਾ ਬੁੱਧਵਾਰ ਦੇਰ ਸ਼ਾਮ ਦੀ ਹੈ। ਐੱਸ. ਐੱਮ. ਓ. ਡਾ. ਰਾਕੇਸ਼ ਬਾਲੀ ਦੀ ਅਗਵਾਈ ‘ਚ ਟੀਮ ਜਲੰਧਰ ‘ਚ ਕੋਰੋਨਾ ਕਾਰਨ ਮ੍ਰਿਤਕ ਔਰਤ ਦੀ ਲਾਸ਼ ਲੈ ਕੇ ਪਿੰਡ ਪੁੱਜੀ ਸੀ। ਇਸ ਦੌਰਾਨ ਜਦੋਂ ਟੀਮ ਦੇ ਮੈਂਬਰਾਂ ਦੀ ਮੌਜੂਦਗੀ ‘ਚ ਟੀਮ ਲਾਸ਼ ਦਾ ਅੰਤਿਮ ਸਸਕਾਰ ਕਰਵਾ ਰਹੀ ਸੀ ਤਾਂ ਪਿੰਡ ਵਾਲੇ ਭੜਕ ਗਏ। ਉਨ੍ਹਾਂ ਨੇ ਟੀਮ ‘ਤੇ ਹਮਲਾ ਬੋਲ ਦਿੱਤਾ। ਟੀਮ ਮੈਂਬਰ ਤੁਰੰਤ ਭੱਜ ਕੇ ਗੱਡੀ ‘ਚ ਬੈਠ ਗਏ ਅਤੇ ਜਦੋਂ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਉਨ੍ਹਾਂ ਨੂੰ ਗੱਡੀ ਸਮੇਤ ਮਿੱਟੀ ਦਾ ਤੇਲ ਪਾ ਕੇ ਸਾੜਨ ਦੀ ਧਮਕੀ ਦੇਣ ਲੱਗੇ। ਇਸ ‘ਤੇ ਡਰਾਈਵਰ ਨੇ ਗੱਡੀ ਭਜਾਉਣੀ ਚਾਹੀ ਤਾਂ ਉਸ ਨੂੰ ਫੜ ਲਿਆ। ਡਰਾਈਵਰ ਨੇ ਬਹੁਤ ਸੂਝ-ਬੂਝ ਨਾਲ ਕੰਮ ਲੈਂਦੇ ਹੋਏ ਗੱਡੀ ਨਹੀਂ ਰੋਕੀ। ਇਹੀ ਨਹੀਂ ਲੋਕਾਂ ਨੇ ਉਨ੍ਹਾਂ ਦਾ 2 ਕਿਲੋਮੀਟਰ ਤਕ ਪਿੱਛਾ ਵੀ ਕੀਤਾ।
SMO ਡਾ. ਰਾਕੇਸ਼ ਕੁਮਾਰ ਬਾਲੀ ਨੇ ਦੱਸਿਆ ਕਿ ਉਹ ਡਾ. ਗੁਰਵਿੰਦਰ ਸਿੰਘ ਬਰਾੜ, ਡਾ. ਰਣਜੀਤ ਸਿੰਘ, ਜਤਿੰਦਰ ਸੂਦ, ਪਰਮਿੰਦਰ ਸ਼ਰਮਾ, ਬਲਰਾਜ ਸਿੰਘ, ਗੁਰਬੀਰ ਸਿੰਘ, ਗੁਰਵਿੰਦਰ ਸਿੰਘ, ਦੇਵੇਂਦਰ ਸਿੰਘ ਤੂਰ ਤੇ ਅਮਰ ਸਿੰਘ ਪਿੰਡ ਪੁੱਜੇ ਤਾਂ ਲੋਕਾਂ ਨੇ ਉਨ੍ਹਾਂ ‘ਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ। ਜੇਕਰ ਉਹ ਉਥੇ ਰੁਕਦੇ ਤਾਂ ਲੋਕ ਪਤਾ ਨਹੀਂ ਕੀ ਕਰਦੇ। ਐੱਸ. ਡੀ. ਐੱਮ. ਡਾ. ਨਰਿੰਦਰ ਸਿੰਘ ਧਾਲੀਵਾਲ ਨੇ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਨੇ ਵੀ ਟੀਮ ਮੈਂਬਰਾਂ ਨਾਲ ਗਲਤ ਵਿਵਹਾਰ ਕੀਤਾ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।