Thirty Seven new cases of Corona : ਜਲੰਧਰ ’ਚ ਕੋਰੋਨਾ ਦੇ ਅੱਜ 37 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜਲੰਧਰ ਦਿਹਾਤੀ ਦੇ SSP ਦੇ ਨਾਲ ਸ਼ਾਹਕੋਟ ਦੇ SDM ਸੰਜੀਵ ਕੁਮਾਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸ ਦੇਈਏ ਕਿ ਇਨ੍ਹਾਂ ਵਿਚੋਂ 32 ਮਾਮਲਿਆਂ ਦੀ ਰਿਪੋਰਟ ਪਹਿਲਾਂ ਪਾਜ਼ੀਟਿਵ ਆਈ ਸੀ ਤੇ 5 ਮਾਮਲੇ ਹੁਣ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 4 ਮਰੀਜ਼ਾਂ ਦੇ ਟੈਸਟ ਨਿੱਜੀ ਲੈਬ ਤੋਂ ਜਦਕਿ ਇਕ ਸਿਵਲ ਹਸਪਤਾਲ ’ਚ ਟਰੂਨੇਟ ਮਸ਼ੀਨ ਤੋਂ ਹੋਏ ਹਨ। ਅੱਜ ਜਲੰਧਰ ਦੇ ਸਿਵਲ ਹਸਪਤਾਲ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ ਸਣੇ ਦੋ ਮੌਤਾਂ ਵੀ ਹੋਈਆਂ ਹਨ। ਕੋਰੋਨਾ ਪੀੜਤ ਮ੍ਰਿਤਕ ਅਸ਼ੋਕ ਕੁਮਾਰ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਸੀ। ਅਤੇ ਦੂਜੇ ਮ੍ਰਿਤਕ ਵਿਅਕਤੀ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਹਨ।
ਮਿਲੀ ਜਾਣਕਾਰੀ ਮੁਤਾਬਕ ਐਸਐਸਪੀ ਦਿਹਾਤੀ ਦੇ ਕੋਰੋਨਾ ਸੈਂਪਲਾਂ ਦੀ ਜਾਂਚ ਸਿਵਲ ਹਸਪਤਾਲ ਵਿਚ ਟਰੂਨੇਟ ਮਸ਼ੀਨ ਰਾਹੀਂ ਕੀਤੀ ਗਈ ਸੀ, ਜਿਥੇ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਐਸਐਸਪੀ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਜਿਥੇ ਮਹਿਕਮੇ ਵਿਚ ਉਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ, ਉਥੇ ਦੱਸਿਆ ਜਾ ਰਿਹਾ ਹੈ ਕਿ ਪਾਜ਼ੀਟਿਵ ਆਇਆ ਪੁਲਿਸ ਅਧਿਕਾਰੀ ਸਾਬਕਾ ਮੰਤਰੀ ਅਵਤਾਰ ਹੈਨਰੀ ਦੀ ਧੀ ਦੇ ਵਿਆਹ ਵਿਚ ਵੀ ਸ਼ਾਮਲ ਹੋਇਆ ਸੀ, ਜਿਸ ਦੇ ਚੱਲਦਿਆਂ ਸਿਹਤ ਵਿਭਾਗ ਉਨ੍ਹਾਂ ਦੇ ਸੰਪਰਕ ਵਿਚ ਆਏ ਲੋਕਾਂ ਦੇ ਸੈਂਪਲ ਵੀ ਲੈ ਸਕਦਾ ਹੈ।
ਅੱਜ ਸਾਹਮਣੇ ਆਏ ਮਾਮਲਿਆਂ ਵਿਚ ਬਾਕੀ ਮਾਮਲੇ ਰਾਮਨਗਰ, ਸੰਤ ਨਗਰ, ਪਿੰਡ ਪਾਸਲਾ ਗੋਰਾਇਆ, ਪਿੰਡ ਸੰਘਾ ਜਾਗੀਰ, ਮਖਦੂਮਪੁਰਾ, ਪਿੰਡ ਰਾਏਪੁਰ, ਕਾਜ਼ੀ ਮੁਹੱਲਾ, ਦਸ਼ਮੇਸ਼ ਨਗਰ, ਨਿਊ ਬਾਰਾਦਰੀ, ਭਗਤ ਸਿੰਘ ਨਗਰ, ਹਰਗੋਬਿੰਦ ਨਗਰ, ਗੋਲਡਨ ਨਗਰ, ਬਸ਼ੀਰਪੁਰਾ, ਨਾਗਰਾ ਰੋਡ, ਸੁਰਾਨਸੀ, ਕਟਰਾ ਮੁਹੱਲਾ ਬਸਤੀ ਬਾਵਾ ਖੇਲ, ਭਾਰਗਵ ਕੈਂਪ ਅਤੇ ਬਸਤੀ ਬਾਵਾ ਖੇਲ ਨਾਲ ਸਬੰਧਤ ਹਨ।