This brave young man : ਸ਼ੰਭੂ ਬਾਰਡਰ : ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਭਰ ਦੀਆਂ 500 ਜਥੇਬੰਦੀਆਂ ਮੋਦੀ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਦਿੱਲੀ ਚਲੋ ਅੰਦੋਲਨ ਵਿੱਚ ਸ਼ਾਮਲ ਹੋ ਰਹੀਆਂ ਹਨ। ਪਰ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦਾ ਰਾਹ ਰੋਕਣ ਲਈ ਅੜਿੱਕਾ ਪਾਇਆ ਜਾ ਰਿਹਾ। ਇਸ ਦੌਰਾਨ ਇੱਕ ਨੌਜਵਾਨ ਨੇ ਪੁਲਿਸ ਵੱਲੋਂ ਲਗਾਏ ਗਏ ਵਾਟਰ ਕੈਨਨ ‘ਤੇ ਚੜ੍ਹ ਕੇ ਉਸਨੂੰ ਬੰਦ ਕਰ ਦਿੱਤਾ ਤੇ ਕਿਸਾਨਾਂ ਦਾ ਅੱਗੇ ਵਧਣ ਦਾ ਰਾਹ ਪੱਧਰਾ ਦਿੱਤਾ। ਅੰਬਾਲਾ ਦੇ ਰਹਿਣ ਵਾਲੇ ਇਸ ਬਹਾਦਰ ਨੌਜਵਾਨ ਮਨਦੀਪ ਸਿੰਘ ਦੀ ਹਰ ਪਾਸੇ ਪ੍ਰਸ਼ੰਸਾ ਹੋ ਰਹੀ ਹੈ ਉਥੇ ਹੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਨੌਜਵਾਨ ਨੂੰ ਗੋਲਡ ਮੈਡਲ ਨਾਲ ਸਨਮਾਨਤ ਕਰਨ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਸੜਕਾਂ ‘ਤੇ ਪੱਥਰ, ਕੰਡਿਆਲੀਆਂ ਤਾਰਾਂ, ਵਾਟਰ ਕੈਨਨ ਆਦਿ ਲਗਾਏ ਸਨ ਤਾਂ ਜੋ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸੇ ਵਿਚਾਲੇ ਜੋਸ਼ ਨਾਲ ਭਰੇ ਇਸ ਨੌਜਵਾਨ ਨੇ ਇਹ ਦਲੇਰੀ ਵਾਲਾ ਕਾਰਨਾਮਾ ਕਰ ਕੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣ । ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਵਾਲੇ ਇੱਥੇ ਹੱਥ ਮਲਦੇ ਹੀ ਰਹਿ ਗਏ।
ਕੋਈ ਵੀ ਪੁਲਿਸ ਵਾਲਾ ਇਸ ਨੌਜਵਾਨ ਦੇ ਬਰਾਬਰ ਵਾਟਰ ਕੈਨਨ ‘ਤੇ ਨਹੀਂ ਚੜ੍ਹ ਸਕਿਆ। ਪੁਲਿਸ ਵੱਲੋਂ ਇਸ ਨੌਜਵਾਨ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਕੁਝ ਨਾ ਹੋ ਸਕਿਆ। ਸੋਸ਼ਲ ਮੀਡੀਆ ‘ਤੇ ਇਹ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਨੌਜਵਾਨ ਦੀ ਤਾਰੀਫ ਕਰ ਰਿਹਾ ਹੈ। ਇਸ ਨੌਜਵਾਨ ਨੇ ਦਲੇਰਾਨਾ ਇਰਾਦੇ ਨਾਲ ਵਾਟਰ ਕੈਨਨ ਬੰਦ ਕੀਤਾ।
ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਹਰਿਆਣਾ ਬਾਰਡਰ ਸੀਲ ਕਰਨ ਦੇ ਫੈਸਲੇ ਦੀ ਸਖਤ ਨਿੰਦਾ ਕੀਤੀ। ਫੈਡਰੇਸ਼ਨ ਦੇ ਸਰਪ੍ਰਸਤ ਅਤੇ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਸਾਨਾਂ ਅਤੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ 27 ਨਵੰਬਰ ਦੇ ਦਿੱਲੀ ਦੇ ਘਿਰਾਓ ਨੂੰ ਸਫਲ ਬਣਾਉਣ ਲਈ ਫੈਡਰੇਸ਼ਨ ਦੇ ਕੌਮੀ ਪ੍ਰਧਾਨ, ਸਮੂਹ ਅਹੁਦੇਦਾਰਾ ਜ਼ਿਲ੍ਹਾ ਪ੍ਰਧਾਨਾਂ ਨੂੰ ਇਸ ਘਿਰਾਓ ਲਈ ਪੰਜਾਬ ਤੋ ਵੱਡੀ ਗਿਣਤੀ ਵਿੱਚ ਨੌਜਵਾਨ ਦਿੱਲੀ ਨੂੰ ਵਹੀਰਾਂ ਘੱਤ ਕੇ ਜਾਣ ਅਤੇ ਕਿਸਾਨਾਂ ਦਾ ਪੂਰਨ ਤੌਰ ‘ਤੇ ਸਾਥ ਦੇਣ ਦੀਆਂ ਹਿਦਾਇਤਾਂ ਦਿੱਤੀਆਂ ਹਨ।