Three Corona Cases Positive : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲਿਆਂ ਵਿਚ ਗਿੱਦੜਬਾਹਾ ਤੋਂ ਦੋ ਤੇ ਭਵਾਨੀਗੜ੍ਹ ਤੋਂ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਗਿੱਦੜਬਾਹਾ ਵਿਚ ਸਾਹਮਣੇ ਆਏ 2 ਨਵੇਂ ਮਾਮਲਿਆਂ ਨਾਲ ਹੁਣ ਮੁਕਤਸਰ ਜ਼ਿਲੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 126 ਹੋ ਗਈ ਹੈ। ਇਥੇ ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ ਪਹਿਲਾਂ ਵੀ 7 ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਸੀ, ਜਿਸ ਨਾਲ ਅੱਜ ਜ਼ਿਲੇ ਵਿਚ ਕੁਲ 9 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ।
ਮਿਲੀ ਜਾਣ ਕਾਰੀ ਮੁਤਾਬਕ ਅੱਜ ਪਾਜ਼ੀਟਿਵ ਆਏ ਮਾਮਲਿਆਂ ਵਿਚ ਇਕ ਮਰੀਜ਼ ਮਲੋਟ, ਇਕ ਪਿੰਡ ਰੁਪਾਣਾ, ਇਕ ਪਿੰਡ ਹਰੀਕੇ ਕਲਾਂ ਤੇ 4 ਸ੍ਰੀ ਮੁਕਤਸਰ ਸਾਹਿਬ ਨਾਲ ਹੀ ਸਬੰਧਤ ਹਨ। ਹੁਣ ਜ਼ਿਲੇ ਵਿਚ ਕੁਲ ਐਕਟਿਵ ਮਾਮਲਿਆਂ ਦੀ ਗਿਣਤੀ ਵਧ ਕੇ 52 ਹੋ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਜ਼ਿਲੇ ਵਿਚ ਵੱਡੀ ਗਿਣਤੀ ਵਿਚ 33 ਮਾਮਲੇ ਸਾਹਮਣੇ ਆਏ ਸਨ। ਹੁਣ ਤੱਕ ਜ਼ਿਲੇ ਵਿਚੋਂ 72 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ, ਜਿਨ੍ਹਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।
ਉਧਰ ਬਲਾਕ ਭਵਾਨੀਗੜ੍ਹ ਵਿਚ ਪੈਂਦੇ ਪਿੰਡ ਕਪਿਆਲ ਵਿਚ ਕੋਰੋਨਾ ਵਾਇਰਸ ਸਾਹਮਣੇ ਆਏ ਮਾਮਲੇ ਵਿਚ ਇਕ ਪੁਲਿਸ ਮੁਲਾਜ਼ਮ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਸਥਾਨਕ ਹਸਪਤਾਲ ਦੇ ਐਸਐਮਓ ਡਾਕਟਰ ਪ੍ਰਵੀਨ ਗਰਗ ਨੇ ਜਾਣਕਾਰੀ ਦਿੱਤੀ ਕਿ ਪਿੰਡ ਕਪਿਆਲ ਦਾ ਰਹਿਣ ਵਾਲਾ ਇਹ ਪੁਲਿਸ ਮੁਲਾਜ਼ਮ ਲੀਲਾ ਸਿੰਘ ਸੰਗਰੂਰ ਪੁਲਸ ਲਾਈਨ ਵਿਖੇ ਤਾਇਨਾਤ ਸੀ, ਜਿਸ ਦੇ ਕੋਰੋਨਾ ਜਾਂਚ ਲਈ ਸੈਂਪਲ ਲਏ ਗਏ ਸਨ। ਉਸ ਦੀ ਰਿਪੋਰਟ ਵਿਚ ਅੱਜ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮ ਨੂੰ ਇਲਾਜ ਲਈ ਘਾਬਦਾ ਵਿਖੇ ਕੋਵਿਡ ਕੇਅਰ ਸੈਂਟਰ ਵਿਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਉਕਤ ਮਰੀਜ਼ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣਗੇ ਅਤੇ ਇਸ ਦੇ ਸੰਪਰਕ ਵਿਚ ਆਉਣ ਵਾਲੇ ਹੋਰ ਵਿਅਕਤੀਆਂ ਦੀ ਵੀ ਸੂਚੀ ਬਣਾਈ ਜਾਵੇਗੀ।