Three including an 80 year old : ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਦੇ ਚੱਲਦਿਆਂ ਮੋਹਾਲੀ ਤੋਂ ਰਾਹਤ ਭਰੀ ਖਬਰ ਆਈ ਹੈ। ਇਥੇ ਗਿਆਨ ਸਾਗਰ ਹਸਪਤਾਲ ‘ਚ ‘ਕੋਰੋਨਾ ਵਾਇਰਸ ਦੇ ਪਾਜ਼ੀਟਿਵ ਪਾਏ ਗਏ ਤਿੰਨ ਮਰੀਜ਼ਾਂ ਨੇ ਇਸ ਵਿਰੁੱਧ ਜੰਗ ਫਤਿਹ ਕਰ ਲਈ ਹੈ। ਇਥੇ ਦੱਸ ਦੇਈਏ ਕਿ ਜ਼ਿਲ੍ਹੇ ਵਿਚ ਇਸ ਨਾਮੁਰਾਦ ਬੀਮਾਰੀ ਨੂੰ ਹਰਾ ਦੇਣ ਵਾਲੇ ਵਿਅਕਤੀਆਂ ਦੀ ਗਿਣਤੀ 52 ਹੋ ਗਈ ਹੈ। ਸਭ ਤੋਂ ਰਾਹਤ ਭਰੀ ਗੱਲ ਤਾਂ ਇਹ ਰਹੀ ਕਿ ਸ਼ੁੱਕਰਵਾਰ ਨੂੰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਵਿਚ 80 ਸਾਲਾ ਬਜ਼ੁਰਗ ਔਰਤ ਤੇਜ ਕੌਰ ਵੀ ਸ਼ਾਮਲ ਹੈ, ਜਿਸ ਨੇ ਆਪਣੀ ਇੱਛਾ ਸ਼ਕਤੀ ਦੇ ਦਮ ’ਤੇ ਇਸ ਬੀਮਾਰੀ ਨੂੰ ਮਾਤ ਦੇ ਦਿੱਤੀ। ਇਸ ਤੋਂ ਇਲਾਵਾ 32 ਸਾਲਾ ਹਰਵਿੰਦਰ ਕੌਰ ਅਤੇ 67 ਸਾਲਾ ਭਾਗ ਸਿੰਘ ਨੇ ਵੀ ਇਸ ਬੀਮਾਰੀ ਤੋਂ ਜੰਗ ਜਿੱਤ ਲਈ ਹੈ। ਇਹ ਸਾਰੇ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਜ਼ਿਲ੍ਹੇ ਵਿਚ ਕੁਲ ਪਾਜ਼ੇਟਿਵ ਕੇਸਾਂ ਦੀ ਗਿਣਤੀ 98 ਅਤੇ ਐਕਟਿਵ ਕੇਸਾਂ ਦੀ ਗਿਣਤੀ 43 ਹੈ। ਇਕੱਲੇ ਜਵਾਹਰਪੁਰ ਨਾਲ ਸਬੰਧਤ ਕੁਲ 34 ਮਰੀਜ਼ ਅੱਜ ਤਕ ਠੀਕ ਹੋ ਚੁਕੇ ਹਨ। ਠੀਕ ਹੋਏ ਤਿੰਨਾਂ ਜਣਿਆਂ ਨੂੰ ਫ਼ਿਲਹਾਲ ਘਰ ਨਹੀਂ ਭੇਜਿਆ ਜਾਵੇਗਾ ਅਤੇ ਡੇਰਾਬੱਸੀ ਦੇ ਨਿਰੰਕਾਰੀ ਭਵਨ ਵਿਚ ਬਣਾਏ ਗਏ ਇਕਾਂਤਵਾਸ ਕੇਂਦਰ ਵਿਚ ਰਖਿਆ ਜਾਵੇਗਾ। 14 ਦਿਨਾਂ ਦਾ ਇਕਾਂਤਵਾਸ ਸਮਾਂ ਪੂਰਾ ਹੋਣ ਮਗਰੋਂ ਹੀ ਉਨ੍ਹਾਂ ਨੂੰ ਘਰ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਕੇਂਦਰ ਵਿਚ ਅਹਿਤਿਆਤ ਵਜੋਂ ਰਖਿਆ ਜਾ ਰਿਹਾ ਹੈ ਤਾਕਿ ਉਨ੍ਹਾਂ ਨੂੰ ਮੁੜ ਕਿਸੇ ਤਕਲੀਫ਼ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰੇਨੂੰ ਸਿੰਘ ਅਤੇ ਡਾ. ਹਰਮਨਦੀਪ ਕੌਰ ਵੀ ਮੌਜੂਦ ਸਨ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਐਸਪੀਐਸ ਗੁਰਾਇਆ ਨੇ ਦਸਿਆ ਕਿ ਹਸਪਤਾਲ ਵਿਚ ਅੱਜ ਚਾਰ ਹੋਰ ਮਰੀਜ਼ ਫ਼ਤਹਿਗੜ੍ਹ ਸਾਹਿਬ ਹਸਪਤਾਲ ਵਿਚ ਦਾਖਿਲ ਕਰਾਉਣ ਮਗਰੋਂ ਇਥੇ ਦਾਖ਼ਲ ਮਰੀਜ਼ਾਂ ਦੀ ਗਿਣਤੀ 62 ਹੋ ਗਈ ਹੈ। ਸਾਰੇ ਮਰੀਜ਼ਾਂ ਦੀ ਹਾਲਤ ਠੀਕ ਹੈ। ਹਸਪਤਾਲ ਵਿਚੋਂ ਹੁਣ ਤਕ 48 ਮਰੀਜ਼ ਠੀਕ ਹੋਕੇ ਜਾ ਚੁੱਕੇ ਹਨ।