Three members of same family died : ਕੋਟਕਪੂਰਾ ਦੇ ਇੱਕ ਪਰਿਵਾਰ ‘ਤੇ ਕੋਰੋਨਾ ਦਾ ਕਹਿਰ ਕਾਲ ਬਣ ਕੇ ਵਰ੍ਹਿਆ। ਮਾਮਲਾ ਮੁਕਤਸਰ ਰੋਡ ‘ਤੇ ਸਥਿਤ ਡਾ. ਓਮ ਪ੍ਰਕਾਸ਼ ਗਰੋਵਰ ਵਾਲੀ ਗਲੀ ਦਾ ਹੈ, ਜਿਥੇ ਪਹਿਲਾਂ ਪੁੱਤਰ ਦੀ ਕੋਰੋਨਾ ਕਰਕੇ ਮੌਤ ਹੋਈ, ਫਿਰ ਪਿਤਾ ਦੀ ਤੇ ਉਸ ਤੋਂ ਬਾਅਦ ਮਾਂ ਵੀ ਕੋਰੋਨਾ ਦੀ ਭੇਟ ਚੜ੍ਹ ਗਈ।
ਮਿਲੀ ਜਾਣਕਾਰੀ ਮੁਤਾਬਕ ਪੰਜ ਕੁ ਦਿਨ ਪਹਿਲਾਂ 40 ਸਾਲਾ ਗਗਨ ਗੋਇਲ ਦੀ ਕੋਰੋਨਾ ਕਰਕੇ ਮੌਤ ਹੋ ਗਈ ਤੇ ਫਿਰ ਉਸ ਦੇ ਪਿਤਾ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ, ਜਿਸ ਤੋਂ ਬਾਅਦ ਉਹ ਵੀ ਦਮ ਤੋੜ ਗਏ। ਇਥੇ ਹੀ ਬੱਸ ਨਹੀਂ ਹੋਈ ਫਿਰ ਗਗਨ ਦੀ ਮਾਂ ਵੀ ਕੋਰੋਨਾ ਦੀ ਲਪੇਟ ਵਿੱਚ ਆ ਗਈ ਅਤੇ ਉਸ ਨੇ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿੱਚ ਆਖਰ ਸਾਹ ਲਏ।
ਇਹ ਵੀ ਪੜ੍ਹੋ : ਚੰਡੀਗੜ੍ਹ : ਲੌਕਡਾਊਨ ਵਧਾਉਣ ‘ਤੇ ਭੜਕੇ ਵਪਾਰੀਆਂ ਨੇ ਕੀਤੀ ਨਾਅਰੇਬਾਜ਼ੀ
ਇੱਕੋ ਹੀ ਦਿਨ ਮਾਪਿਆਂ ਦੀਆਂ ਚਿਖਾਵਾਂ ਨੂੰ ਅਗਨੀ ਦਿੱਤੀ ਗਈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਕੋਰੋਨਾ ਤੋਂ ਬਚਾਅ ਲਈ ਪ੍ਰੋਟੋਕਾਲ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਮਹਾਮਾਰੀ ਤੋਂ ਖੁਦ ਨੂੰ ਬਚਾਇਆ ਜਾ ਸਕੇ।
ਦੱਸ ਦੇਈਏ ਕਿ ਬੇਸ਼ੱਕ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਤਾਂ ਘੱਟ ਰਹੇ ਹਨ ਪਰ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਦਾ ਇਹ ਨਵਾਂ ਸਟ੍ਰੇਨ ਮਰੀਜ਼ਾਂ ਦੇ ਫੇਫੜਿਆਂ ‘ਤੇ ਮਾਰ ਕਰ ਰਿਹਾ ਹੈ, ਜਿਸ ਦੇ ਚੱਲਦਿਆਂ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤੇ ਸਰੀਰ ਵਿੱਚ ਆਕਸੀਜਨ ਲੈਵਲ ਘੱਟ ਜਾਂਦਾ ਹੈ। ਇਹ ਫੇਫੜਿਆਂ ਨੂੰ ਇੰਨੀ ਜਲਦੀ ਖਰਾਬ ਕਰਦਾ ਹੈ ਕਿ ਮਰੀਜ਼ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਪੱਟੀ ‘ਚ ਵੱਡੀ ਵਾਰਦਾਤ- ਜ਼ਮੀਨ ਦੇ ਟੁੱਕੜੇ ਪਿੱਛੇ ਚੱਲੀਆਂ ਗੋਲੀਆਂ, 8 ਲੋਕ ਜ਼ਖਮੀ
ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਵਿੱਚ ਕੋਰੋਨਾ ਦੇ 7143 ਨਵੇਂ ਮਾਮਲੇ ਸਾਹਮਣੇ ਆਏ ਪਰ 231 ਲੋਕਾਂ ਦੀ ਮੌਤ ਹੋ ਗਈ। ਉਥੇ ਹੀ 422 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 8202 ਪਾਜ਼ੀਟਿਵ ਮਰੀਜ਼ ਸਾਹ ਦੀ ਤਕਲੀਫ ਤੋਂ ਹੀ ਪੀੜਤ ਹਨ।