Three new cases of Corona : ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਭਾਵੇਂ ਪੰਜਾਬ ਵਿਚ ਇਸ ਦੇ ਵੱਡੀ ਗਿਣਤੀ ਵਿਚ ਮਰੀਜ਼ ਠੀਕ ਹੋ ਰਹੇ ਹਨ ਪਰ ਅਜੇ ਵੀ ਕਈ ਜ਼ਿਲਿਆਂ ਵਿਚ ਇਸ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲੇ ਵਿਚ ਅੱਜ ਪਟਿਆਲਾ ਜ਼ਿਲੇ ’ਚ ਕੋਰੋਨਾ ਦੇ ਤਿੰਨ ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਕੋਰੋਨਾ ਜਾਂਚ ਲਈ ਲਏ ਗਏ ਸੈਂਪਲਾਂ ਵਿਚੋਂ ਪ੍ਰਾਪਤ ਹੋਈ ਰਿਪੋਰਟ ਵਿਚ ਤਿੰਨ ਵਿਅਕਤੀਆਂ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਮੁੰਬਈ ਤੋਂ ਇਕੱਠੇ ਪਰਤੇ 4 ਵਿਅਕਤੀਆਂ ਵਿਚੋਂ ਰਾਜਪੁਰਾ ਨਾਲ ਸਬੰਧਤ ਤੀਜੇ ਵਿਅਕਤੀ ਦੀ ਵੀ ਰਿਪੋਰਟ ਪਾਜ਼ੀਟਿਵ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਦੂਜਾ ਕੇਸ ਉੱਤਰ ਪ੍ਰਦੇਸ਼ ਤੋਂ ਕੰਬਾਈਨ ਦੇ ਨਾਲ ਪੰਜਾਬ ਵਾਪਿਸ ਪਰਤਿਆ ਇਕ ਖੇਤੀ ਕਾਮਾ ਹੈ, ਜੋਕਿ ਬਿਨਾਂ ਲੱਛਣਾਂ ਦੇ ਸੀ, ਦੀ ਵੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਇਕ ਆਸ਼ਾ ਵਰਕਰ ਦੀ ਵੀ ਰਿਪੋਰਟ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਤਿੰਨੋਂ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਦਫਤਰ ਵੱਲੋਂ ਕੀਤੀ ਗਈ ਹੈ।
ਇਥੇ ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਤਿੰਨ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਪਟਿਾਲਾ ਜ਼ਿਲੇ ਵਿਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 111 ਹੋ ਗਈ ਹੈ। ਇਸ ਦੇ ਨਾਲ ਕੋਵਿਡ-19 ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ ਜ਼ਿਲੇ ਵਿਚ 98 ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ।